ਪਟਿਆਲਾ : ਪੰਜਾਬੀ ਯੂਨੀਵਰਿਸਟੀ ਦੇ ਦੇਹਰਾਦੂਨ ਸਥਿਤ ਡਾ. ਬਲਬੀਰ ਸਿੰਘ ਸਾਹਿਤ ਕੇਂਦਰ ਵੱਲੋਂ ਪ੍ਰਕਾਸ਼ਿਤ ਰਸਾਲਾ ‘ਪੰਚਬਟੀ ਸੰਦੇਸ਼’ ਦਾ ਅਪ੍ਰੈਲ-ਅਕਤੂਬਰ 2025 ਅੰਕ ਅੱਜ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਯੂਨੀਵਰਿਸਟੀ ਵਿਖੇ ਰਿਲੀਜ਼ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਰਸਾਲਾ 1978 ਤੋਂ ਲਗਾਤਾਰ ਪ੍ਰਕਾਸ਼ਿਤ ਹੋ ਰਿਹਾ ਹੈ। ਤਾਜ਼ਾ ਅੰਕ ਵਿੱਚ ਪਿਛਲੇ ਸਾਲਾਂ ਦੌਰਾਨ ਮਨਾਈਆਂ ਗਈਆਂ ਸ਼ਤਾਬਦੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਹਰ ਇਕ ਸ਼ਤਾਬਦੀ ਨਾਲ ਸੰਬੰਧਿਤ ਇੱਕ-ਇੱਕ ਲੇਖ ਸ਼ਾਮਲ ਕੀਤਾ ਗਿਆ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਅੰਕ ਵਿਚ ਸ਼ਾਮਲ ਖੋਜ-ਪੱਤਰਾਂ ਦੇ ਹਵਾਲੇ ਨਾਲ਼ ਗੱਲ ਕਰਦਿਆਂ ਕਿਹਾ ਕਿ ਜਿਨ੍ਹਾਂ ਸ਼ਤਾਬਦੀਆਂ ਨਾਲ ਸੰਬੰਧਿਤ ਪੇਪਰ ਇਸ ਅੰਕ ਵਿਚ ਸ਼ਾਮਲ ਕੀਤੇ ਗਏ ਹਨ, ਉਹਨਾਂ ਸੰਬੰਧੀ ਯੂਨੀਵਰਸਿਟੀ ਵੱਲੋਂ ਸੈਮੀਨਾਰ, ਕਾਨਫਰੰਸਾਂ ਅਤੇ ਵਿਸ਼ੇਸ਼ ਭਾਸ਼ਣ ਦਾ ਆਯੋਜਨ ਪਿਛਲੇ ਸਮੇਂ ਵਿਚ ਕੀਤਾ ਗਿਆ ਹੈ। ਬੀਤੇ ਸਾਲ 2025 ਵਿਚ ਯੂਨੀਵਰਸਿਟੀ ਵੱਲੋਂ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਈ ਅਕਾਦਮਿਕ ਪ੍ਰੋਗਰਾਮ ਕਰਵਾਏ ਗਏ ਅਤੇ ਖੋਜ-ਕਾਰਜ ਪ੍ਰਕਾਸ਼ਿਤ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇਹ ਵਿਸ਼ੇਸ਼ ਅੰਕ ਵਿਦਵਾਨਾਂ, ਖੋਜਾਰਥੀਆਂ ਅਤੇ ਆਮ ਪਾਠਕਾਂ ਲਈ ਲਾਹੇਵੰਦ ਸਿੱਧ ਹੋਵੇਗਾ। ਡਾ. ਪਰਮਵੀਰ ਸਿੰਘ ਨੇ, ਸੰਪਾਦਕ ਵਜੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿਸ਼ੇਸ਼ ਅੰਕ ਵਿਚ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਤੇਗ ਬਹਾਦਰ ਜੀ, ਸਾਕਾ ਸ੍ਰੀ ਨਨਕਾਣਾ ਸਾਹਿਬ, ਗੁਰੂ ਕਾ ਬਾਗ ਦਾ ਮੋਰਚਾ, ਜੈਤੋ ਦਾ ਮੋਰਚਾ, ਭਾਈ ਫੇਰੂ ਦਾ ਮੋਰਚਾ, ਸ਼੍ਰੋਮਣੀ ਗੁਰਦੁਆਰਾ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਗਿਆਨੀ ਗਿਆਨ ਸਿੰਘ ਅਤੇ ਕਾਰ ਸੇਵਾ ਦੀਆਂ ਸ਼ਤਾਬਦੀਆਂ ਸੰਬੰਧੀ ਖੋਜ-ਪੇਪਰ ਸ਼ਾਮਲ ਕੀਤੇ ਗਏ ਹਨ। ਇਸ ਮੌਕੇ ਡਾ. ਬਲਬੀਰ ਸਿੰਘ ਸਾਹਿਤ ਕੇਂਦਰ ਦੇ ਡਾਇਰੈਕਟਰ ਤੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ, ਰਜਿਸਟਰਾਰ ਪ੍ਰੋ. ਦਵਿੰਦਰ ਪਾਲ ਸਿੰਘ ਸਿੱਧੂ, ਕੇਂਦਰ ਦੇ ਕੋਆਰਡੀਨੇਟਰ ਤੇ ਸੰਪਾਦਕ ਡਾ. ਪਰਮਵੀਰ ਸਿੰਘ ਅਤੇ ਸ੍ਰੀਮਤੀ ਹਰਵੀਰ ਕੌਰ ਵੀ ਹਾਜ਼ਰ ਸਨ।