ਸਮਾਣਾ : ਸਮਾਣਾ ਦੇ ਐਸ.ਡੀ.ਐਮ ਰਿਚਾ ਗੋਇਲ ਨੇ ਸਮਾਣਾ ਹਲਕੇ ਦੇ ਪਿੰਡ ਫਤਿਹਮਾਜਰੀ ਵਿਖੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ 10.35 ਕਰੋੜ ਰੁਪਏ ਦੀ ਲਾਗਤ ਨਾਲ ਅਤਿਆਧੁਨਿਕ ਖੇਡ ਸਟੇਡੀਅਮ ਬਣਾਉਣ ਲਈ ਪਿੱਛਲੇ ਦਿਨੀਂ ਰੱਖੇ ਗਏ ਨੀਂਹ ਪੱਥਰ ਦੇ ਸਬੰਧ ਵਿੱਚ ਦੱਸਿਆ ਕਿ ਸਟੇਡੀਅਮ ਬਨਾਉਣ ਲਈ 9 ਏਕੜ ਜ਼ਮੀਨ ਦੀ ਪਹਿਲਾਂ ਹੀ ਪਛਾਣ ਕਰਕੇ ਗ੍ਰਾਮ ਪੰਚਾਇਤ ਫਤਿਹਮਾਜਰੀ ਵੱਲੋਂ ਮਤਾ ਪਾ ਕੇ ਬੀਡੀਪੀਓ ਸਮਾਣਾ ਨੂੰ ਪੇਸ਼ ਕੀਤਾ ਗਿਆ ਸੀ। ਫਤਹਿਮਾਜਰੀ ਸਟੇਡੀਅਮ ਵਾਲੀ ਜ਼ਮੀਨ ਦਾ ਲੋਕ ਨਿਰਮਾਣ, ਖੇਡ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨਾਲ ਦੌਰਾ ਕਰਦਿਆਂ ਰਿਚਾ ਗੋਇਲ ਨੇ ਦੱਸਿਆ ਕਿ ਬੀਡੀਪੀਓ ਸਮਾਣਾ ਅਤੇ ਖੇਡ ਵਿਭਾਗ ਤੋਂ ਪ੍ਰਾਪਤ ਰਿਪੋਰਟਾਂ ਮੁਤਾਬਿਕ ਸਟੇਡੀਅਮ ਬਨਾਉਣ ਸਬੰਧੀ ਪ੍ਰਵਾਨਗੀ ਲੈਣ ਲਈ ਕੇਸ ਡਿਪਟੀ ਕਮਿਸ਼ਨਰ ਪਟਿਆਲਾ ਵਲੋਂ ਉਚ ਅਧਿਕਾਰੀਆਂ ਨੂੰ ਭੇਜਿਆ ਗਿਆ ਸੀ। ਜਿਸ ਉਪਰੰਤ ਪ੍ਰਸ਼ਾਸਕੀ ਪ੍ਰਵਾਨਗੀ ਖੇਡ ਵਿਭਾਗ ਵਲੋਂ ਦਿੱਤੀ ਗਈ ਸੀ। ਐਸ ਡੀ ਐਮ ਨੇ ਦੱਸਿਆ ਕਿ ਲੋਕ ਨਿਰਮਾਣ ਵਿਭਾਗ ਵਲੋਂ ਸਟੇਡੀਅਮ ਦੀ ਨਿਸ਼ਾਨਦੇਹੀ ਕਰਵਾਈ ਜਾ ਚੁੱਕੀ ਹੈ ਅਤੇ ਮੌਕੇ ਉਪਰ ਕਬਜ਼ਾ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਰਿਚਾ ਗੋਇਲ ਨੇ ਦੱਸਿਆ ਕਿ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਜ਼ਮੀਨ ਦੀ ਕਬਜ਼ਾ ਕਾਰਵਾਈ ਕਰਕੇ ਝੰਡੇ ਲਗਾ ਦਿੱਤੇ ਗਏ ਹਨ। ਐਸ.ਡੀ.ਐਮ ਰਿਚਾ ਗੋਇਲ ਸਮਾਣਾ ਨੇ ਸਮੂਹ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਨਿਯਮਾਂ ਅਨੁਸਾਰ ਕਾਰਵਾਈ ਜਲਦ ਤੋਂ ਜਲਦ ਅਮਲ ਵਿੱਚ ਲਿਆਂਦੀ ਜਾਵੇ। ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਪ੍ਰਤੀਕ ਸਿਗਲਾ ਨੇ ਦੱਸਿਆ ਗਿਆ ਕਿ ਟੈਂਡਰ ਪ੍ਰਕਿਰਿਆ ਪੂਰੀ ਹੋਣ ਉਪਰੰਤ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਜਾਵੇਗਾ।