ਕੋਟਕਪੂਰਾ : ਬੀ.ਐਸ.ਐਫ਼ ਦੇ ਸਬ-ਇੰਸਪੈਕਟਰ (ਜੀ.ਡੀ) ਬਲਵੀਰ ਸਿੰਘ, 57 ਬੀ.ਐਨ, ਜੋ ਕਿ 13 ਜੁਲਾਈ ਨੂੰ ਸਿਲੀਗੁੜੀ (ਪੱਛਮੀ ਬੰਗਾਲ) ਵਿਖੇ ਸਰਹੱਦ ’ਤੇ ਰਾਤ ਦੀ ਡਿਊਟੀ ਦੌਰਾਨ ਅਚਾਨਕ ਬਿਜਲੀ ਡਿੱਗਣ ਕਾਰਨ ਸ਼ਹੀਦ ਹੋ ਗਏ ਸਨ। ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਅੱਜ ਭਾਰਤੀ ਫ਼ੌਜ ਦੇ ਜਵਾਨਾਂ ਵਲੋਂ ਇਕ ਵਿਸ਼ੇਸ਼ ਗੱਡੀ ਰਾਹੀਂ ਅੱਜ ਕੋਟਕਪੂਰਾ ਵਿਖੇ ਲਿਆਂਦਾ ਗਿਆ। ਉਨ੍ਹਾਂ ਦੀ ਅਚਾਨਕ ਸ਼ਹਾਦਤ ਦੀ ਖ਼ਬਰ ਦਾ ਪਤਾ ਲੱਗਦਿਆਂ ਹੀ ਇਲਾਕੇ ’ਚ ਸੋਗ ਦਾ ਮਾਹੌਲ ਬਣ ਗਿਆ। ਸਥਾਨਕ ਬਠਿੰਡਾ ਸੜਕ ’ਤੇ ਸਥਿਤ ਸਮਸ਼ਾਨਘਾਟ ਵਿਖੇ ਬੇਹੱਦ ਸੋਗਮਈ ਮਾਹੌਲ ’ਚ ਸਰਕਾਰੀ ਸਨਮਾਨਾਂ ਨਾਲ ਸ਼ਹੀਦ ਫ਼ੌਜੀ ਬਲਵੀਰ ਸਿੰਘ (57) ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਮਿ੍ਰਤਕ ਦੀ ਪਤਨੀ, ਬੇਟੀ, ਬੇਟਾ ਅਤੇ ਹੋਰਨਾਂ ਰਿਸ਼ਤੇਦਾਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਉਨ੍ਹਾਂ ਕੋਲੋਂ ਇਹ ਸਦੀਵੀ ਵਿਛੋੜਾ ਝੱਲਿਆ ਨਹੀਂ ਜਾ ਰਿਹਾ ਸੀ। ਸ਼ਹੀਦ ਫ਼ੌਜੀ ਨੇ ਮਹਿਜ਼ 9 ਮਹੀਨਿਆਂ ਬਾਅਦ ਸੇਵਾ ਮੁਕਤ ਹੋ ਜਾਣਾ ਸੀ ਅਤੇ ਉਨ੍ਹਾਂ ਵਲੋਂ ਅਜੇ ਪਿਛਲੇ ਸਾਲ ਹੀ ਆਪਣੀ ਬੇਟੀ ਕਮਲਪ੍ਰੀਤ ਕੌਰ ਦਾ ਵਿਆਹ ਕੀਤਾ ਗਿਆ ਸੀ, ਜਦ ਕਿ ਉਨ੍ਹਾਂ ਦਾ ਇਕਲੌਤਾ ਬੇਟਾ ਅਮਨਪ੍ਰੀਤ ਸਿੰਘ (14) ਸਥਾਨਕ ਡੀ.ਏੇ.ਵੀ. ਸਕੂਲ ਵਿੱਚ ਅੱਠਵੀਂ ਜਮਾਤ ’ਚ ਪੜ੍ਹਦਾ ਹੈ। ਮੋਗਾ ਜ਼ਿਲ੍ਹੇ ਦੇ ਪਿੰਡ ਠੱਠੀ ਭਾਈ ਦਾ ਵਸਨੀਕ ਇਹ ਪਰਿਵਾਰ ਕਰੀਬ ਪੰਜ ਕੁ ਸਾਲ ਪਹਿਲਾਂ ਹੀ ਕੋਟਕਪੂਰਾ ਦਾ ਵਸਨੀਕ ਬਣਿਆ ਹੈ। ਬੀ.ਐਸ.ਐਫ਼ (ਆਰ.ਟੀ) ਹੈਡਕੁਆਟਰ ਦੇ ਡੀ.ਆਈ.ਜੀ ਅਮਿਤਾਜ ਵਾਜਪਾਈ ਨੇ ਦੱਸਿਆ ਹੈ ਕਿ ਉਨ੍ਹਾਂ ਵਲੋਂ ਸਾਰੀਆਂ ਵਿਭਾਗੀ ਕਾਰਵਾਈਆਂ ਮੁਕੰਮਲ ਕਰਕੇ ਸ਼ਹੀਦ ਦੇ ਪਰਿਵਾਰ ਨੂੰ ਬਣਦੇ ਸਾਰੇ ਸਰਕਾਰੀ ਲਾਭ ਦਿਵਾਏ ਜਾਣਗੇ।