ਖਨੌਰੀ : ਨਗਰ ਪੰਚਾਇਤ ਖਨੌਰੀ ਦੇ ਸਫਾਈ ਕਰਮਚਾਰੀਆਂ ਵੱਲੋਂ ਪਿਛਲੇ ਸੱਤ ਦਿਨਾਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਹੜਤਾਲ ਦੇ ਚਲਦਿਆਂ ਜਿਥੇ ਸ਼ਹਿਰ ਵਿੱਚ ਸਫਾਈ ਦਾ ਕੰਮ ਵੀ ਪਿਛਲੇ ਸੱਤ ਦਿਨਾਂ ਤੋਂ ਬੰਦ ਪਿਆ ਹੈ ਉੱਥੇ ਸ਼ਹਿਰ ਵਿੱਚ ਸਫਾਈ ਵਿਵਸਥਾ ਦਾ ਪੂਰੀ ਤਰ੍ਹਾਂ ਨਾਲ ਬੁਰਾ ਹਾਲ ਹੋ ਰਿਹਾ ਹੈ ਅਤੇ ਥਾਂ ਥਾਂ ਤੇ ਕੂੜੇ ਦੇ ਢੇਰ ਲੱਗ ਰਹੇ ਹਨ। ਉਥੇ ਮੌਜੂਦ ਨਗਰ ਪੰਚਾਇਤ ਖਨੌਰੀ ਦੀ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰੋਬਿਨ ਕੁਮਾਰ ਨਾਲ ਗੱਲਬਾਤ ਕਰਨ ਤੇ ਉਹਨਾਂ ਦੱਸਿਆ ਕਿ ਸਾਡੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਮਿਊਨਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਅਤੇ ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ਤੇ ਪਹਿਲਾਂ ਵੀ 6 ਮਈ ਤੋਂ ਪੂਰੇ ਪੰਜਾਬ ਭਰ ਦੇ ਵਿੱਚ ਅਣਮਿਥੇ ਸਮੇਂ ਦੀ ਹੜਤਾਲ ਸ਼ੁਰੂ ਕੀਤੀ ਗਈ ਸੀ ਅਤੇ ਜੋ ਕਿ 21 ਮਈ ਤੱਕ ਚੱਲੀ ਸੀ ਅਤੇ 21 ਮਈ ਨੂੰ ਪੰਜਾਬ ਸਰਕਾਰ ਨੇ ਇੱਕ ਮਹੀਨੇ ਦਾ ਸਮਾਂ ਸਾਡੀ ਯੂਨੀਅਨ ਦੇ ਨੁਮਾਇੰਦਿਆਂ ਤੋਂ ਲਿਆ ਸੀ ਕਿ ਤੁਹਾਡੀਆਂ ਮੰਗਾਂ ਪੂਰੀਆਂ ਕਰ ਦਿਤੀਆਂ ਜਾਣਗੀਆਂ ਪਰ ਸਰਕਾਰ ਵੱਲੋਂ ਸਾਡੀਆਂ ਮੰਗਾਂ ਤੇ ਕੋਈ ਗੌਰ ਨਾ ਕਰਨ ਕਰਕੇ ਹੁਣ ਦੁਬਾਰਾ ਸਾਡੇ ਵੱਲੋਂ 8 ਜੁਲਾਈ ਤੋਂ ਕੰਮ ਛੋੜ ਹੜਤਾਲ ਸ਼ੁਰੂ ਕੀਤੀ ਗਈ ਹੈ ਅਤੇ ਇਹ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਉਹ ਜਲਦ ਤੇ ਜਲਦ ਨੋਟਫਿਕੇਸ਼ਨ ਜਾਰੀ ਕੀਤਾ ਜਾਵੇ ਨਹੀਂ ਤਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦ ਪੰਜਾਬ ਦੇ ਸਮੁੰਹ ਸਫਾਈ ਕਰਮਚਾਰੀ ਕੋਈ ਨਾ ਕੋਈ ਵੱਡਾ ਐਕਸ਼ਨ ਕਰਨ ਦੇ ਲਈ ਮਜਬੂਰ ਹੋਣਗੇ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।