ਕੋਟਕਪੂਰਾ/ਫਰੀਦਕੋਟ : ਮਿਸ਼ਨ 2027 ਤਹਿਤ ਲੋਕ ਸੇਵਾ ਦੇ ਸੰਕਲਪ ਨੂੰ ਅੱਗੇ ਵਧਾਉਂਦਿਆਂ ਅੱਜ ਫਰੀਦਕੋਟ ਦੇ ਸਾਦਿਕ ਚੌਂਕ ਸਥਿਤ ਭਾਰਤੀ ਕ੍ਰਿਤ੍ਰਿਮ ਅੰਗ ਨਿਰਮਾਣ ਨਿਗਮ ਦੇ ਦਫ਼ਤਰ ਵਿਖੇ ਤੀਜਾ ਮੁਫ਼ਤ ਸਹਾਇਕ ਉਪਕਰਣ ਵੰਡ ਕੈਂਪ ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਕੈਂਪ ਦੌਰਾਨ 55 ਲੋੜਵੰਦ ਲਾਭਪਾਤਰੀਆਂ ਨੂੰ ਸਰਕਾਰ ਦੀਆਂ ਭਲਾਈ ਯੋਜਨਾਵਾਂ ਤਹਿਤ ਪੂਰੀ ਤਰ੍ਹਾਂ ਮੁਫ਼ਤ ਵੱਖ-ਵੱਖ ਸਹਾਇਕ ਉਪਕਰਣ ਵੰਡੇ ਗਏ। ਖ਼ਾਸ ਤੌਰ ’ਤੇ ਕਈ ਦਿਵਿਆਂਗ ਭੈਣ-ਭਰਾਵਾਂ ਨੂੰ ਬੈਟਰੀ ਨਾਲ ਚੱਲਣ ਵਾਲੀਆਂ ਟਰਾਈਸਾਈਕਲਾਂ, ਵਹੀਲਚੇਅਰਾਂ, ਹੱਥ ਨਾਲ ਚੱਲਣ ਵਾਲੀਆਂ ਟਰਾਈਸਾਈਕਲਾਂ, ਸੁਣਨ ਵਾਲੀਆਂ ਮਸ਼ੀਨਾਂ ਅਤੇ ਹੋਰ ਲੋੜੀਂਦੇ ਸਹਾਇਕ ਉਪਕਰਣ ਬਿਲਕੁਲ ਮੁਫ਼ਤ ਪ੍ਰਦਾਨ ਕੀਤੇ ਗਏ, ਜਿਸ ਨਾਲ ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਹੋਰ ਸੁਖਾਲੀ, ਸਨਮਾਨਜਨਕ ਅਤੇ ਆਤਮਨਿਰਭਰ ਬਣੇਗੀ। ਇਸ ਮੌਕੇ ਸਮਾਜਸੇਵੀ ਅਰਸ਼ ਸੱਚਰ ਨੇ ਕਿਹਾ ਕਿ ਮਿਸ਼ਨ 2027 ਦਾ ਮੂਲ ਉਦੇਸ਼ ਸਮਾਜ ਦੇ ਹਰ ਲੋੜਵੰਦ ਵਿਅਕਤੀ ਤੱਕ ਸਰਕਾਰੀ ਭਲਾਈ ਯੋਜਨਾਵਾਂ ਦਾ ਲਾਭ ਪਹੁੰਚਾਉਣਾ ਹੈ। ਜਦੋਂ ਕਿਸੇ ਲੋੜਵੰਦ ਦੇ ਚਿਹਰੇ ’ਤੇ ਮੁਸਕਾਨ ਆਉਂਦੀ ਹੈ, ਉਹੀ ਸਾਡੀ ਸਭ ਤੋਂ ਵੱਡੀ ਕਾਮਯਾਬੀ ਹੁੰਦੀ ਹੈ। ਲੋਕਾਂ ਦੀਆਂ ਦੁਆਵਾਂ ਹੀ ਸਾਡੀ ਸਭ ਤੋਂ ਵੱਡੀ ਪੂੰਜੀ ਹਨ ਅਤੇ ਇਹੀ ਮਿਸ਼ਨ 2027 ਦੀ ਅਸਲ ਤਾਕਤ ਹੈ।