
Rozana Sehaj times
ਸਮਾਣਾ : ਪਿਛਲੇ ਕੁਝ ਸਮੇਂ ਤੋਂ ਸਮਾਣਾ ਸ਼ਹਿਰ ਦੇ ਵਿਕਾਸ 'ਚ ਭਾਰੀ ਖੜੋਤ ਆ ਗਈ ਸੀ ਤੇ ਸ਼ਹਿਰ ਨਿਵਾਸੀ ਇਸ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਆ ਰਹੇ ਸਨ ਪਰ ਹੁਣ ਨਗਰ ਕੌਂਸਲ ਦੀ ਨਵੀਂ ਟੀਮ ਨੇ ਚਾਰਜ ਸੰਭਾਲ ਲਿਆ ਹੈ ਤੇ ਜਲਦੀ ਹੀ ਸ਼ਹਿਰ ਦਾ ਰਿਕਾਰਡ ਤੋੜ ਵਿਕਾਸ ਹੋਵੇਗਾ। ਇਹ ਵਿਚਾਰ ਆਮ ਆਦਮੀ ਪਾਰਟੀ ਦੇ ਯੂਥ ਆਗੂ ਹੁਸਨਦੀਪ ਬਾਂਸਲ ਨੇ ਇੱਥੇ ਪੱਤਰਕਾਰਾਂ ਨਾਲ ਮੁਲਾਕਾਤ ਸਮੇਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਬਰਸਾਤੀ ਪਾਣੀ ਦੀ ਨਿਕਾਸੀ ਦਾ ਉਚੇਚਾ ਪ੍ਰਬੰਧ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਲਗਪਗ ਸਾਰੀਆਂ ਹੀ ਸੜਕਾਂ ਦੀ ਕਾਇਆ ਕਲਪ ਕੀਤੀ ਜਾਵੇਗੀ। ਸ਼ਹਿਰ ਵਿਚ ਸਟਰੀਟ ਲਾਈਟ ਦਾ ਉਚੇਚਾ ਪ੍ਰਬੰਧ ਕੀਤਾ ਜਾਵੇਗਾ। ਸ਼ਹਿਰ ਦੇ ਪਾਰਕਾਂ ਨੂੰ ਨਵੀਂ ਲੁੱਕ ਦਿੱਤੀ ਜਾਵੇਗੀ। ਇਨ੍ਹਾਂ ਵਿਚ ਵੱਖ-ਵੱਖ ਤਰ੍ਹਾਂ ਦੇ ਬੂਟੇ ਵਿਸ਼ੇਸ਼ ਕਰਕੇ ਡੈਕੋਰੇਸ਼ਨ ਦਰੱਖਤ ਵੀ ਲਗਾਏ ਜਾਣਗੇ। ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਘਾਟ ਨੂੰ ਵੇਖਦੇ ਹੋਏ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੇ ਨਵੇਂ ਵਾਟਰ ਕੂਲਰ ਲਗਾਏ ਜਾਣਗੇ ਅਤੇ ਬਾਥਰੂਮਾਂ ਦੀ ਵੀ ਨਵੇਂ ਸਿਰੇ ਤੋਂ ਮੁਰੰਮਤ ਕੀਤੀ ਜਾਵੇਗੀ। ਬਾਂਸਲ ਨੇ ਸ਼ਹਿਰ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸ਼ਹਿਰ ਦੀ ਸਫਾਈ ਲਈ ਆਪਣਾ ਯੋਗਦਾਨ ਪਾਉਣ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਛੱਡ ਕੇ ਕੱਪੜੇ ਵਾਲੇ ਥੈਲੇ ਵਰਤੇ ਜਾਣ ਅਤੇ ਨਗਰਪਾਲਿਕਾ ਵੱਲੋਂ ਲਗਾਈਆਂ ਗਈਆਂ ਗੱਡੀਆਂ 'ਚ ਹੀ ਆਪਣੇ ਘਰਾਂ ਦਾ ਕੂੜਾ ਪਾਇਆ ਜਾਵੇ।