ਡੇਰਾ ਬੱਸੀ : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪਾਵਨ ਆਸ਼ੀਰਵਾਦ ਸਦਕਾ ਅੱਜ ਸਥਾਨਕ ਸੰਤ ਨਿਰੰਕਾਰੀ ਸਤਸੰਗ ਭਵਨ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਸੰਤ ਨਿਰੰਕਾਰੀ ਚੈਰਿਟੇਬਲ ਫਾਊਂਡੇਸ਼ਨ ਦੇ ਤਹਿਤ ਲਗਾਏ ਗਏ ਇਸ ਖੂਨਦਾਨ ਕੈਂਪ ਵਿੱਚ 202 ਸ਼ਰਧਾਲੂਆਂ ਨੇ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ। ਕੈਂਪ ਦੀ ਸ਼ੁਰੂਆਤ ਪਿੰਡ ਛੱਤਬੀੜ ਤੋਂ ਆਈ 60 ਸਾਲਾ ਭੈਣ ਨਛੱਤਰ ਕੌਰ ਜੀ ਵੱਲੋਂ ਖੂਨਦਾਨ ਕਰਕੇ ਕੀਤੀ ਗਈ। ਡੇਰਾ ਬੱਸੀ ਬ੍ਰਾਂਚ ਦਾ ਇਹ 22ਵਾਂ ਖੂਨਦਾਨ ਕੈਂਪ ਸੀ। ਖੂਨਦਾਨ ਕੈਂਪ ਦਾ ਉਦਘਾਟਨ ਚੰਡੀਗੜ੍ਹ ਜ਼ੋਨ ਦੇ ਜ਼ੋਨਲ ਇੰਚਾਰਜ ਸ੍ਰੀ ਓ.ਪੀ. ਨਿਰੰਕਾਰੀ ਜੀ ਨੇ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸਾਲ 1986 ਤੋਂ ਲੈ ਕੇ ਹੁਣ ਤੱਕ 9,000 ਤੋਂ ਵੱਧ ਖੂਨਦਾਨ ਕੈਂਪਾਂ ਰਾਹੀਂ ਲਗਭਗ 15 ਲੱਖ ਯੂਨਿਟ ਖੂਨ ਮਨੁੱਖੀ ਭਲਾਈ ਲਈ ਸਮਰਪਿਤ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਜ਼ੋਨ ਵਿੱਚ ਇਸ ਸਾਲ 20 ਖੂਨਦਾਨ ਕੈਂਪ ਲਗਾਏ ਜਾ ਰਹੇ ਹਨ, ਜਿਨ੍ਹਾਂ ਰਾਹੀਂ ਕਰੀਬ 3,500 ਯੂਨਿਟ ਖੂਨ ਇਕੱਤਰ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਸੰਤ ਨਿਰੰਕਾਰੀ ਮਿਸ਼ਨ ਵਿੱਚ ਖੂਨਦਾਨ ਨੂੰ ਕੇਵਲ ਸਮਾਜਿਕ ਸੇਵਾ ਨਹੀਂ, ਸਗੋਂ ਮਨੁੱਖਤਾ ਦੀ ਨਿਸ਼ਕਾਮ ਸੇਵਾ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਮੁੱਚੀ ਮਨੁੱਖਤਾ ਹੀ ਸਾਡਾ ਪਰਿਵਾਰ ਹੈ ਅਤੇ ਜਦੋਂ ਅਸੀਂ ਖੂਨਦਾਨ ਕਰਦੇ ਹਾਂ ਤਾਂ ਕਿਸੇ ਲੋੜਵੰਦ ਦੇ ਜੀਵਨ ਵਿੱਚ ਆਸ ਦੀ ਨਵੀਂ ਕਿਰਨ ਜਗਾਉਂਦੇ ਹਾਂ। ਇਹੀ ਸੱਚੀ ਇਨਸਾਨੀਅਤ ਅਤੇ ਨਿਸ਼ਕਾਮ ਸੇਵਾ ਦਾ ਮਾਰਗ ਹੈ। ਜੀ.ਐੱਮ.ਸੀ.ਐੱਚ. ਸੈਕਟਰ-32, ਚੰਡੀਗੜ੍ਹ ਦੀ ਡਾ. ਈਸ਼ਿਤਾ ਜੀ ਦੀ ਅਗਵਾਈ ਹੇਠ 17 ਮੈਂਬਰੀ ਮੈਡੀਕਲ ਟੀਮ ਨੇ ਖੂਨ ਇਕੱਤਰ ਕੀਤਾ। ਇਸ ਮੌਕੇ ਸਥਾਨਕ ਸੇਵਾਦਲ ਨੇ ਵੀ ਪੂਰੇ ਉਤਸ਼ਾਹ ਨਾਲ ਆਪਣਾ ਸਹਿਯੋਗ ਦਿੱਤਾ।