ਦੇਵੀਗੜ੍ਹ, 12 ਜੁਲਾਈ : ਸ਼ਹਿਰ ਅਤੇ ਪੇਂਡੂ ਖੇਤਰਾਂ ਵਿੱਚ ਵੱਧ ਰਹੇ ਆਵਾਰਾ ਕੁੱਤਿਆਂ ਦੇ ਕੱਟਣ ਦੇ ਡਰ ਅਤੇ ਰੈਬਿਜ ਵਰਗੀ ਭਿਆਨਕ ਬਿਮਾਰੀ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ 'ਗਾਰਡੀਅਨ ਆਫ ਆਲ ਵਾਇਸਲੈਸ ਐਨੀਮਲਜ਼' ਸੰਸਥਾ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। 'ਡਬਲਯੂ.ਵੀ. ਐਸ ਹੋਪ ਅਤੇ 'ਸੀ.ਏ.ਡਬਲਯੂ.ਏ ਕਾਵਾ ਦੇ ਸਹਿਯੋਗ ਨਾਲ ਚੱਲ ਰਹੇ ਇਸ 'ਮਿਸ਼ਨ ਹਲਕਾਅ ਪ੍ਰੋਜੈਕਟ ਤਹਿਤ ਹੁਣ ਤੱਕ ਪਟਿਆਲਾ ਜ਼ਿਲ੍ਹੇ ਦੇ 400 ਤੋਂ ਵੱਧ ਪਿੰਡਾਂ ਨੂੰ ਕਵਰ ਕੀਤਾ ਜਾ ਚੁੱਕਾ ਹੈ। ਸੰਸਥਾ ਵੱਲੋਂ ਆਪਣੀ ਟੀਮ ਨਾਲ ਪਿੰਡ ਜੁਲਕਾਂ ਚ ਪਹੁੰਚੀ ਈਸ਼ਾ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਟੀਮ ਲਗਾਤਾਰ ਪਿੰਡ-ਪਿੰਡ ਜਾ ਕੇ ਕੁੱਤਿਆਂ ਦਾ ਟੀਕਾਕਰਨ ਕਰ ਰਹੀ ਹੈ। ਇਸ ਮੁਹਿੰਮ ਦੇ ਤਹਿਤ ਹੁਣ ਤੱਕ 30,000 ਤੋਂ ਵੱਧ ਕੁੱਤਿਆਂ ਨੂੰ ਹਲਕਾ ਵਿਰੋਧੀ ਟੀਕੇ ਲਗਾਏ ਜਾ ਚੁੱਕੇ ਹਨ। ਅੱਜ ਇਸੇ ਲੜੀ ਤਹਿਤ ਪਿੰਡ ਜੁਲਕਾਂ ਵਿੱਚ ਟੀਮ ਨੇ ਕੌਂਸਲਰ ਹੈਪੀ ਜੁਲਕਾਂ ਦੀ ਅਗਵਾਈ ਹੇਠ ਕਾਰਜ ਕੀਤਾ, ਜਿੱਥੇ ਇੱਕ ਦਿਨ ਵਿੱਚ ਹੀ 50-60 ਕੁੱਤਿਆਂ ਨੂੰ ਵੈਕਸੀਨ ਲਗਾਈ ਗਈ। ਇਸ ਨਾਲ ਜਿੱਥੇ ਕੁੱਤਿਆਂ ਦੀ ਉਮਰ ਲੰਬੀ ਹੋਵੇਗੀ, ਉੱਥੇ ਹੀ ਇਨਸਾਨਾਂ ਨੂੰ ਵੀ ਆਵਾਰਾ ਕੁੱਤਿਆਂ ਤੋਂ ਡਰਨ ਦੀ ਲੋੜ ਨਹੀਂ ਰਹੇਗੀ। ਈਸ਼ਾ ਵਰਮਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ ਭਵਿੱਖ ਵਿੱਚ ਵੀ ਇਸ ਮਿਸ਼ਨ ਨੂੰ ਹੋਰ ਤੇਜ਼ੀ ਨਾਲ ਜਾਰੀ ਰੱਖੇਗੀ ਤਾਂ ਜੋ ਪੂਰੇ ਜ਼ਿਲ੍ਹੇ ਨੂੰ ਹਲਕਾਅ-ਮੁਕਤ ਬਣਾਇਆ ਜਾ ਸਕੇ।
ਕੈਪਸਨ। ਪਿੰਡ ਜੁਲਕਾਂ ਵਿਖੇ ਕੁੱਤਿਆਂ ਨੂੰ ਫੜ ਕੇ ਟੀਕੇ ਲਗਾਉਣ ਸਬੰਧੀ ਜਾਣਕਾਰੀ ਦਿੰਦੇ ਹੋਏ ਈਸ਼ਾ ਵਰਮਾ।