ਦੇਵੀਗੜ੍ਹ, 10 ਜੁਲਾਈ : ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ ਸੰਘਰਸ਼ ਨੂੰ ਦਰਸਾਉਂਦੀ ਫ਼ਿਲਮ 'ਸਤਲੁਜ' ਉੱਤੇ ਲੱਗੀ ਰੋਕ ਦਾ ਮਾਮਲਾ ਭਖਦਾ ਜਾ ਰਿਹਾ ਹੈ। ਸਿੱਖ ਸੰਗਤਾਂ ਵੱਲੋਂ ਇਸ ਫ਼ੈਸਲੇ ਨੂੰ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਕਰਾਰ ਦਿੱਤਾ ਗਿਆ ਹੈ। ਫ਼ਿਲਮ ਦੇ ਪ੍ਰਦਰਸ਼ਨ 'ਤੇ ਰੋਕ ਲੱਗਣ ਨਾਲ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਵਿੱਚ ਗਹਿਰੀ ਨਾਰਾਜ਼ਗੀ ਪਾਈ ਜਾ ਰਹੀ ਹੈ। ਸ਼ਹੀਦ ਖਾਲੜਾ ਨੇ ਪੰਜਾਬ ਵਿੱਚ ਗੁੰਮਨਾਮ ਲਾਸ਼ਾਂ ਦੇ ਮਾਮਲੇ ਨੂੰ ਉਜਾਗਰ ਕਰਕੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਨ੍ਹਾਂ ਦੇ ਜੀਵਨ 'ਤੇ ਬਣੀ ਫ਼ਿਲਮ 'ਸਤਲੁਜ' ਨੂੰ ਰੋਕਣਾ ਲੋਕਤੰਤਰਿਕ ਕਦਰਾਂ-ਕੀਮਤਾਂ 'ਤੇ ਵੱਡਾ ਸਵਾਲੀਆ ਨਿਸ਼ਾਨ ਹੈ। ਸੰਗਤਾਂ ਦਾ ਮੰਨਣਾ ਹੈ ਕਿ ਇਹ ਫ਼ਿਲਮ ਸੱਚਾਈ ਨੂੰ ਬਿਆਨ ਕਰਦੀ ਹੈ, ਜਿਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹ ਸਿਰਫ਼ ਇੱਕ ਫ਼ਿਲਮ ਨਹੀਂ, ਸਗੋਂ ਉਸ ਦੌਰ ਦੇ ਜ਼ੁਲਮਾਂ ਦੀ ਦਸਤਾਵੇਜ਼ੀ ਗਵਾਹੀ ਹੈ। ਅਸੀਂ ਇਸ ਰੋਕ ਦਾ ਸਖ਼ਤ ਵਿਰੋਧ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਕਿ ਫ਼ਿਲਮ ਨੂੰ ਤੁਰੰਤ ਰੋਕ ਹਟਾਈ ਜਾਵੇ।ਉਹਨਾਂ ਚਿਤਾਵਨੀ ਦਿੱਤੀ ਹੈ ਕਿ ਜੇਕਰ ਫ਼ਿਲਮ 'ਤੇ ਲੱਗੀ ਰੋਕ ਨੂੰ ਜਲਦ ਨਹੀਂ ਹਟਾਇਆ ਗਿਆ, ਤਾਂ ਸਿੱਖ ਸੰਗਤਾਂ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿੱਖਾਂ ਦੇ ਧਾਰਮਿਕ ਅਤੇ। ਇਤਿਹਾਸਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਬੰਦ ਕਰਨੀ ਚਾਹੀਦੀ ਹੈ। ਇਸ ਮਾਮਲੇ ਨੇ ਹੁਣ ਇੱਕ ਗੰਭੀਰ ਵਿਵਾਦ ਦਾ ਰੂਪ ਧਾਰ ਲਿਆ ਹੈ ਅਤੇ ਲੋਕ ਸੋਸ਼ਲ ਮੀਡੀਆ ਰਾਹੀਂ ਵੀ ਫ਼ਿਲਮ ਦੇ ਸਮਰਥਨ ਵਿੱਚ ਲਗਾਤਾਰ ਆਵਾਜ਼ ਉਠਾ ਰਹੇ ਹਨ।