ਲੁਧਿਆਣਾ : ਹਲਕਾ ਗਿੱਲ ਤੋਂ ਸੀਨੀਅਰ ਕਾਂਗਰਸੀ ਆਗੂ ਗੁਰਿੰਦਰ ਸਿੰਘ ਢੋਡੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਨੂੰ ਮੁੜ ਮਜ਼ਬੂਤ ਕਰਕੇ ਸੱਤਾ ਵਿੱਚ ਲਿਆਉਣ ਲਈ ਸਾਬਕਾ ਮੁੱਖ ਮੰਤਰੀ ਅਤੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਸਮੇਂ ਦੀ ਮੁੱਖ ਲੋੜ ਹੈ। ਚੰਨੀ ਨੇ ਆਪਣੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਆਮ ਲੋਕਾਂ ਦੀ ਭਲਾਈ ਲਈ ਕਈ ਫ਼ੈਸਲੇ ਲਏ, ਜਿਸ ਕਾਰਨ ਅੱਜ ਵੀ ਪੰਜਾਬ ਦੇ ਲੋਕਾਂ ਵਿੱਚ ਉਨ੍ਹਾਂ ਪ੍ਰਤੀ ਵਿਸ਼ੇਸ਼ ਸਨਮਾਨ ਅਤੇ ਵਿਸ਼ਵਾਸ ਹੈ। ਇਸ ਮੌਕੇ ਗੁਰਿੰਦਰ ਸਿੰਘ ਢੋਡੇ ਨੇ ਕਿਹਾ ਕਿ ਚੰਨੀ ਕਾਂਗਰਸ ਪਾਰਟੀ ਦੇ ਤਜਰਬੇਕਾਰ, ਸੂਝਵਾਨ ਅਤੇ ਜ਼ਮੀਨੀ ਆਗੂ ਹਨ, ਜੋ ਹਰ ਵਰਗ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹਨ। ਉਨ੍ਹਾਂ ਦਾ ਦਾਅਵਾ ਸੀ ਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਚੰਨੀ ਦੀ ਅਗਵਾਈ ਹੇਠ ਮਜ਼ਬੂਤੀ ਨਾਲ ਚੋਣ ਮੈਦਾਨ ਵਿੱਚ ਉਤਰੇਗੀ ਅਤੇ ਲੋਕਾਂ ਦੇ ਸਮਰਥਨ ਨਾਲ ਮੁੜ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਵੇਗੀ। ਇਸ ਮੌਕੇ ਢੋਡੇ ਨੇ ਸਿਮਰਜੀਤ ਸਿੰਘ ਬੈਂਸ ਵੱਲੋਂ ਬੀਤੇ ਦਿਨੀਂ ਚਰਨਜੀਤ ਸਿੰਘ ਚੰਨੀ ਸਬੰਧੀ ਕੀਤੀ ਗਈ ਟਿੱਪਣੀ ਦੀ ਸਖ਼ਤ ਨਿੰਦਾ ਕੀਤੀ। ਇਸ ਮੌਕੇ ਗੁਰਿੰਦਰ ਢੋਡੇ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਹਰ ਵਰਕਰ ਚਰਨਜੀਤ ਸਿੰਘ ਚੰਨੀ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ ਅਤੇ ਪਾਰਟੀ ਨੂੰ ਇਕਜੁੱਟ ਕਰਕੇ ਲੋਕਾਂ ਦੇ ਮੁੱਦਿਆਂ ਲਈ ਸੰਘਰਸ਼ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਹਨ ਅਤੇ ਕਾਂਗਰਸ ਹੀ ਸੂਬੇ ਨੂੰ ਵਿਕਾਸ ਅਤੇ ਤਰੱਕੀ ਦੀ ਨਵੀਂ ਦਿਸ਼ਾ ਦੇ ਸਕਦੀ ਹੈ।