ਸੁਨਾਮ, : ਸੂਬੇ ਅੰਦਰ ਸਥਾਪਿਤ ਸੇਵਾ ਕੇਂਦਰ ਜਿੱਥੇ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਕੇ ਲੋਕਾਂ ਦੀ ਜ਼ਿੰਦਗੀ ਨੂੰ ਰੌਸ਼ਨ ਕਰਦੇ ਹਨ, ਉੱਥੇ ਹੀ ਸੁਨਾਮ ਵਿੱਚ ਇੱਕ ਅਜਿਹਾ ਕੇਂਦਰ ਹਨੇਰੇ ਵਿੱਚ ਹੈ। ਪਿਛਲੇ ਕਈ ਮਹੀਨਿਆਂ ਤੋਂ ਬਿੱਲਾਂ ਦਾ ਭੁਗਤਾਨ ਨਾ ਹੋਣ ਕਾਰਨ ਇਸਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ; ਹਾਲਾਂਕਿ ਜਨਤਾ ਲਈ ਜ਼ਰੂਰੀ ਸੇਵਾਵਾਂ ਜਨਰੇਟਰ ਚਲਾਕੇ ਦਿੱਤੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਇਲਾਕੇ ਸੁਨਾਮ ਅੰਦਰ ਅਜਿਹੇ ਵਰਤਾਰੇ ਨੇ ਹੈਰਾਨੀਜਨਕ ਸਥਿਤੀ ਬਣਾ ਦਿੱਤੀ ਹੈ। ਇੱਕ ਹੈਰਾਨੀਜਨਕ ਪਹਿਲੂ ਇਹ ਹੈ ਕਿ ਉਕਤ ਸੇਵਾ ਕੇਂਦਰ 'ਤੇ ਫਰਵਰੀ 2026 ਤੱਕ 86,921ਰੁਪਏ ਦੇ ਬਿਜਲੀ ਬਕਾਏ ਸਨ। ਦੱਸਿਆ ਜਾ ਰਿਹਾ ਹੈ ਕਿ ਪਾਵਰਕਾਮ ਨੇ ਪਹਿਲੀ ਜੂਨ, 2026 ਤੋਂ ਸਰਕਾਰੀ ਸੰਸਥਾਵਾਂ ਲਈ ਬਿਜਲੀ ਸਪਲਾਈ ਦੇਣ ਵਾਸਤੇ ਪ੍ਰੀਪੇਡ ਸਕੀਮ ਲਾਗੂ ਕੀਤੀ ਹੈ ਜਿਸ ਨਾਲ ਸੇਵਾ ਕੇਂਦਰ ਦੇ ਕੁੱਲ ਬਕਾਏ 88,741 ਹੋ ਗਏ। ਇਸੇ ਦੌਰਾਨ, ਸੇਵਾ ਕੇਂਦਰ ਦੀ ਇੱਕ ਮਹਿਲਾ ਕਰਮਚਾਰੀ ਅਮਨਦੀਪ ਕੌਰ ਨੇ ਪੁਸ਼ਟੀ ਕੀਤੀ ਹੈ ਕਿ ਬੁੱਧਵਾਰ ਨੂੰ ਸੇਵਾ ਕੇਂਦਰ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਸੀ ਲੇਕਿਨ ਬਾਵਜੂਦ ਇਸ ਦੇ ਸੇਵਾ ਕੇਂਦਰ ਦੇ ਕੰਮਕਾਜ ਵਿੱਚ ਵਿਘਨ ਨਹੀਂ ਪਿਆ। ਉਨ੍ਹਾਂ ਆਖਿਆ ਕਿ ਖਪਤਕਾਰਾਂ ਦੇ ਕੰਮਾਂ ਨੂੰ ਜਨਰੇਟਰ ਦੀ ਵਰਤੋਂ ਕਰਕੇ ਲਗਾਤਾਰ ਕੀਤਾ ਜਾ ਰਿਹਾ ਹੈ, ਅਤੇ ਬਿਜਲੀ ਕੁਨੈਕਸ਼ਨ ਕੱਟੇ ਜਾਣ ਸਬੰਧੀ ਕੰਪਨੀ ਨੂੰ ਈਮੇਲ ਰਾਹੀਂ ਸੂਚਿਤ ਕੀਤਾ ਗਿਆ ਹੈ।