ਸੰਗਰੂਰ : ਜ਼ਿਲਾ ਬਾਰ ਸੰਗਰੂਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਵਕੀਲਾਂ ਨੇ ਤੀਜੇ ਦਿਨ ਵੀ ਕੰਮਕਾਜ ਠੱਪ ਕਰਨ ਤੋਂ ਬਾਅਦ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਵਕੀਲਾਂ ਵਲੋਂ ਕੰਮਕਾਰ ਠੱਪ ਕਰ ਦਿੱਤੇ ਜਾਣ ਤੋਂ ਬਾਅਦ ਸੰਗਰੂਰ ਦੀਆਂ 16 ਅਦਾਲਤਾਂ ਵਿਚ 854 ਕੇਸਾਂ ਦੀ ਸੁਣਵਾਈ ਨਹੀਂ ਹੋ ਸਕੀ। ਇਸ ਤੋਂ ਇਲਾਵਾ ਜ਼ਿਲ੍ਹਾ ਖ਼ਪਤਕਾਰ ਝਗੜਾ ਨਿਵਾਰਨ ਕਮਿਸ਼ਨ, ਡਿਪਟੀ ਕਮਿਸ਼ਨਰ ਦਫ਼ਤਰ ਨਾਲ ਸੰਬੰਧਿਤ ਅਦਾਲਤਾਂ ਵਿਚ ਵੀ ਕਿਸੇ ਕੇਸ ਦੀ ਸੁਣਵਾਈ ਨਹੀਂ ਹੋ ਸਕੀ ਹੈ। ਪੰਜਾਬ ਵਿਚ ਵਕੀਲਾਂ ਵੱਲੋ ਲੀਗਲ ਏਡ ਡਿਫੈਂਸ ਕੌਂਸਲ ਤੋਂ ਅਸਤੀਫ਼ੇ ਦੇਣ ਦੇ ਸ਼ੁਰੂ ਹੋਏ ਸਿਲਸਿਲੇ ਦੌਰਾਨ ਐਡਵੋਕੇਟ ਹਰਿੰਦਰਪਾਲ ਸਿੰਘ ਛਾਹੜ ਨੇ ਸੰਗਰੂਰ ਵਿਖੇ ਲੀਗਲ ਏਡ ਡਿਫੈਂਸ ਕੌਂਸਲ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜਿਲਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ ਸੀਬੀਆ, ਸੈਕਟਰੀ ਸਿਮਰਨਦੀਪ ਸਿੰਘ ਬਲੱਗਣ, ਗੁਰਤੇਜ ਸਿੰਘ ਪਿਆਸਾ, ਦਰਸ਼ਨ ਕੁਮਾਰ ਗੁਪਤਾ, ਅਜੈਬ ਸਿੰਘ ਸਰਾਓ,,ਸੁਰਜੀਤ ਸਿੰਘ ਗਰੇਵਾਲ, ਲਲਿਤ ਕੁਮਾਰ ਗਰਗ,ਦਲਜੀਤ ਸਿੰਘ ਸੇਖੋ,ਬੇਅੰਤ ਸਿੰਘ ਛਾਜਲੀ, ਗੁਰਪ੍ਰੀਤ ਸਿੰਘ ਚੱਠਾ ਅਤੇ ਹੋਰਨਾਂ ਨੇ ਕਿਹਾ ਕਿ ਲੀਗਲ ਏਡ ਡਿਫੈਂਸ ਕੌਂਸਲ ਦੀ ਮੌਜੂਦਾ ਨੀਤੀ ਕਈ ਗੰਭੀਰ ਖਾਮੀਆਂ ਨਾਲ ਘਿਰੀ ਹੋਈ ਹੈ, ਇਸ ਲਈ ਇਸ ਨੂੰ ਤੁਰੰਤ ਵਾਪਸ ਲਿਆ ਜਾਵੇ।