ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਪੂਰਥਲਾ ਵਿੱਚ ਮੇਅਰ ਅਤੇ ਸ਼੍ਰੀ ਚਮਕੌਰ ਸਾਹਿਬ ਵਿੱਚ ਨਗਰ ਕੌਂਸਲ ਪ੍ਰਧਾਨ ਦੇ ਅਹੁਦੇ 'ਤੇ ਆਮ ਆਦਮੀ ਪਾਰਟੀ ਵੱਲੋਂ ਕਬਜ਼ਾ ਕਰਨ ਦੇ ਤਰੀਕੇ ਦੀ ਸਖ਼ਤ ਨਿੰਦਾ ਕੀਤੀ ਹੈ, ਜਦਕਿ ਲੋਕਾਂ ਨੇ ਸਪੱਸ਼ਟ ਤੌਰ 'ਤੇ ਕਾਂਗਰਸ ਦੇ ਹੱਕ ਵਿੱਚ ਫ਼ਤਵਾ ਦਿੱਤਾ ਸੀ। ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਇਨ੍ਹਾਂ ਮਿਉਂਸੀਪਲ ਚੋਣਾਂ ਦੌਰਾਨ ਕਾਂਗਰਸ ਦੇ ਹੱਕ ਵਿੱਚ ਨਿਰਣਾਇਕ ਫ਼ਤਵਾ ਦਿੱਤਾ ਸੀ, ਲੇਕਿਨ ਆਪ ਨੇ ਇੱਕ ਵਾਰ ਫਿਰ ਤੋਂ ਸਾਬਤ ਕਰ ਦਿੱਤਾ ਹੈ ਕਿ ਉਹ ਲੋਕਤੰਤਰੀ ਫ਼ਤਵੇ ਦਾ ਸਨਮਾਨ ਕਰਨ ਦੀ ਬਜਾਏ ਸਿਆਸੀ ਜੋੜ-ਤੋੜ 'ਤੇ ਭਰੋਸਾ ਰੱਖਦੀ ਹੈ। ਇਸ ਲੜੀ ਹੇਠ, ਕਪੂਰਥਲਾ ਨਗਰ ਨਿਗਮ ਵਿੱਚ ਕਾਂਗਰਸ ਨੇ 50 ਵਿੱਚੋਂ 31 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਸੀ, ਜਦਕਿ 'ਆਪ' ਨੂੰ ਸਿਰਫ਼ 11 ਸੀਟਾਂ ਮਿਲੀਆਂ ਸਨ। ਸ਼੍ਰੋਮਣੀ ਅਕਾਲੀ ਦਲ ਨੇ 3, ਭਾਜਪਾ ਨੇ 3 ਅਤੇ 2 ਸੀਟਾਂ ਹੋਰ/ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਸਨ। ਇਸੇ ਤਰ੍ਹਾਂ, ਸ਼੍ਰੀ ਚਮਕੌਰ ਸਾਹਿਬ ਨਗਰ ਕੌਂਸਲ ਵਿੱਚ ਕਾਂਗਰਸ 13 ਵਿੱਚੋਂ 7 ਵਾਰਡ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਸੀ, ਜਦਕਿ 'ਆਪ' ਨੂੰ ਸਿਰਫ਼ 3 ਵਾਰਡ ਮਿਲੇ ਸਨ ਅਤੇ 3 ਸੀਟਾਂ ਆਜ਼ਾਦ ਉਮੀਦਵਾਰਾਂ ਨੇ ਜਿੱਤੀਆਂ ਸਨ। ਅਜਿਹੀਆਂ ਕਾਰਵਾਈਆਂ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਕਮਜ਼ੋਰ ਕਰਦੀਆਂ ਹਨ ਅਤੇ ਲੋਕਾਂ ਦਾ ਚੁਣੀਆਂ ਹੋਈਆਂ ਸੰਸਥਾਵਾਂ ਤੋਂ ਭਰੋਸਾ ਡਗਮਗਾਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਵੋਟ ਕਾਂਗਰਸ ਨੂੰ ਦਿੱਤੀ ਸੀ, ਪਰ ਕੁਰਸੀ 'ਆਪ' ਨੇ ਹਾਸਲ ਕਰ ਲਈ। ਪੰਜਾਬ ਦੇ ਲੋਕ ਇਸਦਾ ਜਵਾਬ ਚਾਹੁੰਦੇ ਹਨ। ਲੋਕਤੰਤਰ ਨੂੰ ਚੋਣਾਂ ਤੋਂ ਬਾਅਦ ਦੀ ਜੋੜ-ਤੋੜ ਅਤੇ ਸਿਆਸੀ ਇੰਜੀਨੀਅਰਿੰਗ ਤੱਕ ਸੀਮਤ ਨਹੀਂ ਕੀਤਾ ਜਾ ਸਕਦਾ।