ਮੌਹਾਲੀ : ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਸਰਦਾਰ ਅਜੇ ਪਾਲ ਸਿੰਘ ਬਰਾੜ ਨੇ ਅਮਰ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਫ਼ਿਲਮ 'ਸਤਲੁਜ' ਨੂੰ ਓਟੀਟੀ ਪਲੇਟਫਾਰਮ ਤੋਂ ਹਟਾਏ ਜਾਣ ਨੂੰ ਲੋਕਤੰਤਰ, ਨਿਆਂ ਅਤੇ ਇਤਿਹਾਸਕ ਸੱਚਾਈ 'ਤੇ ਸਿਧਾ ਹਮਲਾ ਦਸਦਿਆਂ ਕਿਹਾ ਕਿ ਸੱਚ ਨੂੰ ਦਬਾਉਣ ਦੀ ਹਰ ਕੋਸ਼ਿਸ਼ ਆਖ਼ਰਕਾਰ ਅਸਫ਼ਲ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਦ, ਸਿੱਖ ਕੌਮ ਦੇ ਸੰਘਰਸ਼ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਮਸਲਿਆਂ ਨੂੰ ਵਾਰ-ਵਾਰ ਹਾਸ਼ੀਏ 'ਤੇ ਧੱਕਣ ਦੀ ਪ੍ਰਵਿਰਤੀ ਦੇਸ਼ ਦੇ ਲੋਕਤੰਤਰੀ ਢਾਂਚੇ ਲਈ ਚਿੰਤਾ ਦਾ ਵਿਸ਼ਾ ਹੈ। ਸਰਦਾਰ ਅਜੇ ਪਾਲ ਸਿੰਘ ਬਰਾੜ ਨੇ ਦਸਿਆ ਹੈ ਕਿ ਮਿਸਲ ਸਤਲੁਜ ਪਾਰਟੀ ਨੇ ਸਤਲੁਜ ਫਿਲਮ ਨੂੰ ਲੋਕਾਂ ਦਿਖਾਉਣ ਲਈ ਇਕ ਵਿਉਂਤਬੰਦੀ ਉਲੀਕੀ ਜਾ ਰਹੀ ਹੈ,ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸਿੱਖ ਕੌਮ ਨਾਲ਼ ਸਮੇਂ ਦੀਆਂ ਸਰਕਾਰਾਂ ਵੱਲੋਂ ਕੀਤੀਆਂ ਬੇਨਿਸਾਫੀਆਂ ਅਤੇ ਜ਼ੁਲਮਾਂ ਦੀ ਸਚਾਈ ਬਾਰੇ ਦਸਿਆ ਜਾ ਸਕੇ ਤਾਂ ਜੋ ਅਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਬਾਰੇ ਪਤਾ ਚਲ ਸਕੇ। ਉਨ੍ਹਾਂ ਮੰਗ ਕੀਤੀ ਕਿ ਫ਼ਿਲਮ 'ਸਤਲੁਜ' ਨੂੰ ਤੁਰੰਤ ਮੁੜ ਓਟੀਟੀ ਪਲੇਟਫਾਰਮ 'ਤੇ ਉਪਲਬਧ ਕਰਵਾਇਆ ਜਾਵੇ ਅਤੇ ਇਸ ਨੂੰ ਹਟਾਉਣ ਦੇ ਕਾਰਨਾਂ ਬਾਰੇ ਦੇਸ਼ ਦੀ ਜਨਤਾ ਨੂੰ ਪੂਰੀ ਪਾਰਦਰਸ਼ਤਾ ਨਾਲ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਤਿਹਾਸ, ਇਨਸਾਫ਼ ਅਤੇ ਸੱਚ ਨਾਲ ਜੁੜੀਆਂ ਆਵਾਜ਼ਾਂ ਨੂੰ ਦਬਾਉਣ ਦੀ ਪ੍ਰਵਿਰਤੀ ਜਾਰੀ ਰਹੀ ਤਾਂ ਮਿਸਲ ਸਤਲੁਜ ਪਾਰਟੀ ਲੋਕਤੰਤਰੀ ਅਤੇ ਸੰਵਿਧਾਨਕ ਢੰਗ ਨਾਲ ਇਸ ਦਾ ਡਟਵਾਂ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਸੱਚ ਨੂੰ ਕੁਝ ਸਮੇਂ ਲਈ ਰੋਕਿਆ ਜਾ ਸਕਦਾ ਹੈ, ਪਰ ਉਸ ਨੂੰ ਕਦੇ ਵੀ ਸਦਾ ਲਈ ਹਰਾਇਆ ਨਹੀਂ ਜਾ ਸਕਦਾ।