ਅੰਮ੍ਰਿਤਸਰ : ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਆਪਣੇ ਪਰਿਵਾਰ ਸਮੇਤ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਗੁਰੂ ਚਰਨਾਂ ਵਿੱਚ ਬੇਨਤੀ ਲਗਾਈ ਅਤੇ ਆਉਣ ਵਾਲੇ ਵਿਸ਼ਵ ਕੱਪ (ਵਰਲਡ ਕੱਪ) ਲਈ ਪੂਰੀ ਟੀਮ 'ਤੇ ਮੇਹਰ ਭਰਿਆ ਹੱਥ ਰੱਖਣ ਦੀ ਅਰਦਾਸ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਪ੍ਰੋ ਲੀਗ ਵਿੱਚ ਭਾਰਤੀ ਟੀਮ ਦਾ ਪ੍ਰਦਰਸ਼ਨ ਕਾਫ਼ੀ ਵਧੀਆ ਰਿਹਾ ਹੈ ਅਤੇ ਹੁਣ ਟੀਮ ਦਾ ਅਗਲਾ ਮੁੱਖ ਟੀਚਾ ਵਿਸ਼ਵ ਕੱਪ ਜਿੱਤਣਾ ਹੈ। ਉਨ੍ਹਾਂ ਕਿਹਾ ਕਿ ਵਰਲਡ ਕੱਪ ਵਿੱਚ ਭਾਰਤ ਦਾ ਪਾਕਿਸਤਾਨ, ਇੰਗਲੈਂਡ ਅਤੇ ਵੇਲਜ਼ ਵਰਗੀਆਂ ਟੀਮਾਂ ਨਾਲ ਮੁਕਾਬਲਾ ਹੋਵੇਗਾ, ਜਿਸ ਲਈ ਟੀਮ ਯੂਰਪ ਟੂਰ ਦੇ ਆਪਣੇ ਚੰਗੇ ਪ੍ਰਦਰਸ਼ਨ ਨੂੰ ਬਰਕਰਾਰ ਰੱਖਣ ਦੀ ਪੂਰੀ ਕੋਸ਼ਿਸ਼ ਕਰੇਗੀ। ਕਪਤਾਨ ਨੇ ਦੱਸਿਆ ਕਿ ਟੀਮ ਦਾ ਸ਼ੈਡਿਊਲ ਕਾਫ਼ੀ ਰੁੱਝਿਆ ਹੋਇਆ ਹੈ, ਜਿਸ ਵਿੱਚ ਵਿਸ਼ਵ ਕੱਪ ਤੋਂ ਇਲਾਵਾ ਏਸ਼ੀਅਨ ਗੇਮਜ਼ ਅਤੇ ਏਸ਼ੀਅਨ ਚੈਂਪੀਅਨਸ਼ਿਪ ਟਰਾਫੀ ਵਰਗੇ ਅਹਿਮ ਟੂਰਨਾਮੈਂਟ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਉਹ ਬੈਂਗਲੁਰੂ ਵਿਖੇ ਲੱਗ ਰਹੇ ਕੈਂਪ ਵਿੱਚ ਹਿੱਸਾ ਲੈਣ ਜਾ ਰਹੇ ਹਨ। ਨੌਜਵਾਨ ਖਿਡਾਰੀਆਂ ਨੂੰ ਪ੍ਰੇਰਿਤ ਕਰਦਿਆਂ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਹੁਨਰ (ਟੈਲੇਂਟ) ਦੀ ਕੋਈ ਕਮੀ ਨਹੀਂ ਹੈ। ਉਨ੍ਹਾਂ ਨੇ ਨਵੇਂ ਖਿਡਾਰੀਆਂ ਨੂੰ ਤਾਕੀਦ ਕੀਤੀ ਕਿ ਉਹ ਡਟ ਕੇ ਮਿਹਨਤ ਕਰਨ, ਗੁਰੂ ਮਹਾਰਾਜ 'ਤੇ ਭਰੋਸਾ ਰੱਖਣ ਅਤੇ ਆਪਣੇ ਮਾਤਾ-ਪਿਤਾ, ਵੱਡਿਆਂ ਅਤੇ ਕੋਚ ਸਾਹਿਬਾਨ ਦਾ ਸਤਿਕਾਰ ਕਰਨ ਤਾਂ ਜੋ ਉਹ ਭਵਿੱਖ ਵਿੱਚ ਦੇਸ਼ ਦਾ ਨਾਂ ਰੌਸ਼ਨ ਕਰ ਸਕਣ। ਇਸ ਮੌਕੇ ਤੇ ਮੈਨੇਜਰ ਰਜਿੰਦਰ ਸਿੰਘ ਰੂਬੀ ਸੂਚਨਾ ਅਧਿਕਾਰੀ ਅੰਮ੍ਰਿਪਾਲ ਪਾਲ ਸਿੰਘ ਰਣਧੀਰ ਸਿੰਘ ਸਤਨਾਮ ਸਿੰਘ ਨੇ ਸਨਮਾਨਤ ਵੀ ਕੀਤਾ