ਨਵਾਂਸ਼ਹਿਰ : ਪੰਜਾਬ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾਕਟਰ ਗੁਰਜੀਤ ਸਿੰਘ ਬਰਾੜ ਜੀ ਦੀ ਯੋਗ ਅਗਵਾਈ ਹੇਠ ਕਿਸਾਨਾਂ ਨੂੰ ਮਿਆਰੀ ਅਤੇ ਸਮੇਂ ਸਿਰ ਖੇਤੀ ਸਮਗਰੀ ਉਪਲਬਧ ਕਰਵਾਉਣ ਦੇ ਮੰਤਵ ਲਈ ਰਾਜ ਪੱਧਰੀ ਨਿਗਰਾਨ ਟੀਮਾਂ ਵਲੋਂ ਸਮੂਹ ਜ਼ਿਲ੍ਹਿਆਂ ਵਿਚ ਖਾਦ ਡੀਲਰਾਂ ਦੀਆਂ ਦੁਕਾਨਾਂ, ਗੋਦਾਮਾਂ ਅਤੇ ਪਲਾਈ ਵੁਡ ਉਦਯੋਗਿਕ ਇਕਾਈਆਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਮੁਹਿੰਮ ਤਹਿਤ ਜ਼ਿਲੇ ਅੰਦਰ ਰਾਜ ਪੱਧਰੀ ਟੀਮ ਵੱਲੋਂ ਬਲਾਚੌਰ ਅਤੇ ਜਾਡਲਾ ਵਿਖੇ ਖਾਦ ਵਿਕ੍ਰੇਤਾਵਾਂ ਅਤੇ ਪਲਾਈਵੁਡ ਉਦਯੋਗਿਕ ਇਕਾਈਆਂ ਦੀ ਚੈਕਿੰਗ ਕੀਤੀ ਅਤੇ ਸੈਂਪਲਿੰਗ ਕਰਵਾਈ ਗਈ। ਉਨ੍ਹਾਂ ਸਮੂਹ ਖ਼ਾਦ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਪੀ.ਓ.ਐਸ ਮਸ਼ੀਨਾਂ ਵਿਚੋਂ ਸਟਾਕ ਕਲੀਅਰ ਕੀਤਾ ਜਾਵੇ ਅਤੇ ਕਿਸਾਨਾਂ ਨੂੰ ਫ਼ਸਲਾਂ ਦੀ ਲੋੜ ਅਨੁਸਾਰ ਹੀ ਖ਼ਾਦ ਦਿੱਤੀ ਜਾਵੇ ਅਤੇ ਫਾਲਤੂ ਖ਼ਾਦ ਦੀ ਵਿਕਰੀ ਬਿਲਕੁਲ ਨਾ ਕੀਤੀ ਜਾਵੇ। ਜੇਕਰ ਕੋਈ ਵੀ ਖ਼ਾਦ ਵਿਕਰੇਤਾ ਯੂਰੀਆ ਖਾਦ ਫੀਡ ਅਤੇ ਪਲਾਈਵੁੱਡ ਇੰਡਸਟਰੀਆਂ ਨੂੰ ਵੇਚਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਖੇਤੀ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਕਿ ਸਮੂਹ ਖ਼ਾਦ ਵਿਕਰੇਤਾਵਾਂ, ਫੀਡ ਅਤੇ ਪਲਾਈਵੁੱਡ ਇੰਡਸਟਰੀ ਦੀ ਲਗਾਤਾਰ ਚੈਕਿੰਗ ਕੀਤੀ ਜਾਵੇ ਅਤੇ ਜੇਕਰ ਕਿਸੇ ਇੰਡਸਟਰੀ ਵਿਚ ਸਬਸਿਡੀ ਵਾਲੇ ਯੂਰੀਆ ਦੀ ਵਰਤੋਂ ਹੁੰਦੀ ਪਾਈ ਜਾਂਦੀ ਹੈ ਤਾਂ ਉਸ ਇੰਡਸਟਰੀ 'ਤੇ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਉਸ ਨੂੰ ਸੀਜ਼ ਕੀਤਾ ਜਾਵੇ।