ਅੰਮ੍ਰਿਤਸਰ : ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਅਧਾਰਤ ਬਣੀ ਫਿਲਮ ਸਤਲੁਜ ਨੂੰ ਜੀ 5 ਓਟੀਟੀ ਪਲੇਟਫ਼ਾਰਮ ਤੋਂ ਹਟਾਏ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦਿਆਂ ਇਸਨੂੰ ਸਿੱਖਾਂ ਪ੍ਰਤੀ ਵਿਤਕਰਾ ਦੱਸਿਆ ਹੈ ।ਕਮੇਟੀ ਦੇ ਆਗੂ ਪ੍ਰੋ ਬਲਜਿੰਦਰ ਸਿੰਘ,ਮਹਾਬੀਰ ਸਿੰਘ ਸੁਲਤਾਨਵਿੰਡ,ਡਾ ਸੁਖਦੇਵ ਸਿੰਘ ਬਾਬਾ ਅਤੇ ਬਲਦੇਵ ਸਿੰਘ ਨਵਾਂ ਪਿੰਡ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਸਰਕਾਰ ਕਸ਼ਮੀਰ ਫ਼ਾਈਲ ਅਤੇ ਕੇਰਲਾ ਫ਼ਾਈਲ ਵਰਗੀਆਂ ਫ਼ਿਲਮਾਂ ਨੂੰ ਉਤਸਾਹਿਤ ਕਰਦੀ ਰਹੀ ਹੈ ਪਰ ਸਿੱਖਾਂ ਤੇ ਹੋਏ ਅੱਤਿਆਚਾਰ ਨੂੰ ਲੋਕਾਂ ਦੇ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੀ ।ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਕਾਂਗਰਸ ਸਰਕਾਰ ਦੇ ਸਮੇਂ ਦੌਰਾਨ ਪੰਜਾਬ ਪੁਲਿਸ ਵੱਲੋਂ ਬਿਨਾਂ ਕਿਸੇ ਕਾਰਨ ਘਰੋਂ ਚੁੱਕ ਕੇ ਅਥਾਹ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ ।ਕਮੇਟੀ ਨੇ ਦੋਸ਼ ਲਗਾਇਆ ਪੰਜਾਬ ਵਿੱਚ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਕਤਲ ਦਾ ਇਨਸਾਫ਼ ਤਾਂ ਸਿੱਖ ਕੌਮ ਨੂੰ ਮਿਲ ਨਹੀਂ ਸਕਿਆ ਪਰ ਉਨ੍ਹਾਂ ਤੇ ਹੋਏ ਜ਼ੁਲਮ ਨੂੰ ਵੀ ਸਰਕਾਰ ਲੋਕਾਂ ਦੇ ਸਾਹਮਣੇ ਲਿਆਉਣ ਤੋਂ ਡਰਦੀ ਹੈ ।ਭਾਈ ਜਸਵੰਤ ਸਿੰਘ ਖਾਲੜਾ ਦਾ ਕਸੂਰ ਸਿਰਫ ਇਨਾ ਸੀ ਕਿ ਉਹਨਾਂ ਨੇ ਉਸ ਸਮੇਂ ਦੀਆਂ ਸਰਕਾਰਾਂ ਵੱਲੋਂ ਕੋਹ ਕੋਹ ਕੇ ਸ਼ਹੀਦ ਕੀਤੇ ਗਏ ਅਤੇ ਲਾਵਾਰਸ ਕਹਿ ਕੇ ਖੁਰਦ ਬੁਰਦ ਕਰ ਦਿੱਤੇ ਗਏ ਹਜ਼ਾਰਾਂ ਨੌਜਵਾਨਾਂ ਦਾ ਮੁੱਦਾ ਉਠਾਇਆ ਸੀ ਜਿਸ ਨੂੰ ਉਸ ਸਮੇਂ ਦੀ ਕਾਂਗਰਸ ਸਰਕਾਰ ਬਰਦਾਸ਼ਤ ਨਾ ਕਰ ਸਕੀ ਅਤੇ ਭਾਈ ਸਾਹਿਬ ਨੂੰ ਕੋਹ ਕੋਹ ਕੇ ਸ਼ਹੀਦ ਕਰ ਦਿੱਤਾ ਗਿਆ ਮੌਜੂਦਾ ਸਮੇਂ ਦੀਆਂ ਸਰਕਾਰਾਂ ਇਹ ਨਹੀਂ ਚਾਹੁੰਦੀਆਂ ਕਿ ਉਸ ਸਮੇਂ ਸਿੱਖਾਂ ਨਾਲ ਕੀਤੇ ਗਏ ਧੱਕੇ ਲੋਕਾ ਸਾਹਮਣੇ ਆਉਣ ਉਹਨਾਂ ਦੇ ਅੱਗੇ ਦੱਸਿਆ ਕਿ ਕੇਂਦਰ ਅਤੇ ਪੰਜਾਬ ਵਿੱਚ ਸਮੇਂ ਸਮੇਂ ਸਰਕਾਰਾਂ ਬਦਲਦੀਆਂ ਰਹੀਆਂ ਹਨ ਪਰ ਸਿੱਖਾਂ ਤੇ ਜੁਲਮ ਅਤੇ ਅੱਤਿਆਚਾਰ ਲਗਾਤਾਰ ਜਾਰੀ ਹੈ।