ਅੰਮ੍ਰਿਤਸਰ : ਮਨੁੱਖੀ ਅਧਿਕਾਰਾਂ ਦੇ ਪ੍ਰਤੀਕ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ 1984 ਤੋਂ ਬਾਅਦ ਸਿੱਖ ਨੌਜਵਾਨਾਂ 'ਤੇ ਹੋਏ ਸਰਕਾਰੀ ਅਤਿਆਚਾਰਾਂ ਨੂੰ ਦਰਸਾਉਂਦੀ ਫ਼ਿਲਮ 'ਸਤਲੁਜ' ਨੂੰ ਜੀ ਨੈੱਟਵਰਕ ਤੋਂ ਹਟਾਉਣ ਦਾ ਮਾਮਲਾ ਗਰਮਾ ਗਿਆ ਹੈ। ਜਥਾ ਸਿਰ ਲੱਥ ਖਾਲਸਾ ਦੇ ਆਗੂ ਬਾਬਾ ਦਿਲਬਾਗ ਸਿੰਘ ਨੇ ਇਸ ਕਾਰਵਾਈ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਇਸ ਨੂੰ ਸੱਚਾਈ ਨੂੰ ਦਬਾਉਣ ਦੀ ਇੱਕ ਘਿਨਾਉਣੀ ਕੋਸ਼ਿਸ਼ ਕਰਾਰ ਦਿੱਤਾ ਹੈ। ਬਾਬਾ ਦਿਲਬਾਗ ਸਿੰਘ ਨੇ ਕਿਹਾ ਕਿ ਭਾਈ ਖਾਲੜਾ ਨੇ ਪੰਜਾਬ ਦੇ ਉਸ ਦਰਦਨਾਕ ਦੌਰ ਨੂੰ ਦੁਨੀਆ ਸਾਹਮਣੇ ਲਿਆਉਣ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ, ਜਦੋਂ ਹਜ਼ਾਰਾਂ ਬੇਗੁਨਾਹ ਨੌਜਵਾਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕਰਕੇ ਲਾਵਾਰਸ ਵਜੋਂ ਸਾੜ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਤਿਹਾਸਕ ਤੱਥਾਂ ਅਤੇ ਸਮਾਜਿਕ ਸੱਚਾਈ 'ਤੇ ਆਧਾਰਿਤ ਇਸ ਫ਼ਿਲਮ ਨੂੰ ਰੋਕਣ ਦੀ ਬਜਾਏ ਖੁੱਲ੍ਹੇ ਮਨ ਨਾਲ ਦੇਖਿਆ ਜਾਣਾ ਚਾਹੀਦਾ ਹੈ। ਬਾਬਾ ਜੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਜਦੋਂ ਮਾਨਯੋਗ ਅਦਾਲਤਾਂ ਉਸ ਵੇਲੇ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਸੁਣਾ ਰਹੀਆਂ ਹਨ, ਤਾਂ ਇਤਿਹਾਸ ਨੂੰ ਲੁਕਾਉਣ ਦੇ ਯਤਨ ਕਦੇ ਵੀ ਸਫ਼ਲ ਨਹੀਂ ਹੋਣਗੇ। ਲੋਕਤੰਤਰ ਵਿੱਚ ਵਿਚਾਰਾਂ ਦੀ ਵਿਭਿੰਨਤਾ ਅਤੇ ਇਤਿਹਾਸਕ ਸੱਚ ਨੂੰ ਜਾਣਨ ਦਾ ਹਰ ਨਾਗਰਿਕ ਨੂੰ ਅਧਿਕਾਰ ਹੈ। ਉਨ੍ਹਾਂ ਮੰਗ ਕੀਤੀ ਕਿ ਫ਼ਿਲਮ 'ਤੇ ਲਗਾਈ ਗਈ ਹਰ ਤਰ੍ਹਾਂ ਦੀ ਰੋਕ ਤੁਰੰਤ ਹਟਾਈ ਜਾਵੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਭਾਈ ਖਾਲੜਾ ਦੀ ਮਹਾਨ ਕੁਰਬਾਨੀ ਅਤੇ ਇਤਿਹਾਸ ਦੇ ਇਸ ਦੁਖਦਾਈ ਅਧਿਆਇ ਨੂੰ ਸਮਝ ਸਕਣ।