ਸੁਨਾਮ : ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲ਼ਾ ਨੇ ਸੋਮਵਾਰ ਨੂੰ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਯਾਦਵਿੰਦਰ ਸਿੰਘ ਨਿਰਮਾਣ ਦੀ ਅਗਵਾਈ ਹੇਠ ਹੋਈ ਪਲੇਠੀ ਮੀਟਿੰਗ ਵਿੱਚ ਸ਼ਹਿਰ ਦੀ ਪੁਰਾਣੀ ਮੰਡੀ ਦਾ ਮਾਮਲਾ ਨਿਪਟਾਉਣ ਦਾ ਦਾਅਵਾ ਕੀਤਾ ਹੈ। ਮੀਟਿੰਗ ਵਿੱਚ ਸੁਨਾਮ ਦੇ ਵਿਧਾਇਕ ਕੈਬਨਿਟ ਮੰਤਰੀ ਅਮਨ ਅਰੋੜਾ ਵੀ ਹਾਜ਼ਰ ਰਹੇ। ਨਗਰ ਕੌਂਸਲ ਦੀ ਮੀਟਿੰਗ ਤੋਂ ਬਾਅਦ ਗੱਲਬਾਤ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਨਗਰ ਕੌਂਸਲ ਸੁਨਾਮ ਨੇ ਪੁਰਾਣੀ ਮੰਡੀ ਨਾਲ ਸਬੰਧਤ ਪਿਛਲੇ 40 ਸਾਲਾਂ ਤੋਂ ਲਟਕਦੇ ਆ ਰਹੇ ਗੰਭੀਰ ਮਸਲੇ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਾਲ 1984 ਵਿੱਚ ਪਿਛਲੀਆਂ ਸਰਕਾਰਾਂ ਦੌਰਾਨ ਪੁਰਾਣੀ ਮੰਡੀ ਨੂੰ ਡੀ-ਨੋਟੀਫਾਈ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਦੇ ਵਸਨੀਕਾਂ ਅਤੇ ਸ਼ੋਅਰੂਮਾਂ ਦੇ ਅੱਗੇ ਨਵੀਂ ਉਸਾਰੀ ਕਰਨ ਦੀ ਯੋਜਨਾ ਬਣਾਈ ਗਈ ਸੀ। ਇਸ ਮਸਲੇ ਕਾਰਨ ਸਥਾਨਕ ਲੋਕਾਂ ਅਤੇ ਕੌਂਸਲ ਵਿਚਕਾਰ ਲੰਬਾ ਸਮਾਂ ਕਾਨੂੰਨੀ ਲੜਾਈ ਚੱਲੀ ਹਾਲਾਂਕਿ, ਹਾਈ ਕੋਰਟ ਵਿੱਚ ਕਮੇਟੀ ਕੇਸ ਜਿੱਤ ਗਈ ਸੀ, ਪਰ ਸਾਡੀ ਸਰਕਾਰ ਲੋਕਾਂ ਦੇ ਉਜਾੜੇ ਦੇ ਹੱਕ ਵਿੱਚ ਨਹੀਂ ਹੈ। ਮੰਤਰੀ ਅਮਨ ਅਰੋੜਾ ਨੇ ਕਿਹਾ, ਕਿ ਪਹਿਲੀ ਹੀ ਮੀਟਿੰਗ ਵਿੱਚ ਉਹ 40 ਸਾਲ ਪੁਰਾਣਾ ਮਸਲਾ ਹੱਲ ਕਰ ਦਿੱਤਾ ਹੈ।" ਉਨ੍ਹਾਂ ਸਪੱਸ਼ਟ ਕੀਤਾ ਕਿ ਸ਼ਹਿਰ ਦੀ ਆਬਾਦੀ ਅਤੇ ਟ੍ਰੈਫਿਕ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਹੁਣ ਉੱਥੇ ਕੋਈ ਵੀ ਨਵੀਂ ਦੁਕਾਨ ਜਾਂ ਸ਼ੋਅਰੂਮ ਬਣਾਉਣ ਦੀ ਨਗਰ ਕੌਂਸਲ ਦੀ ਕੋਈ ਮਨਸ਼ਾ ਨਹੀਂ ਹੈ, ਜਿਸ ਨਾਲ ਲੋਕਾਂ ਦੇ ਰਸਤੇ ਰੁਕਣ।