ਦੇਵੀਗੜ੍ਹ : ਵਾਤਾਵਰਨ ਸੰਭਾਲ ਅਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਲਈ ਆਪਣਾ ਪੰਜਾਬ ਫ਼ਾਊਂਡੇਸ਼ਨ ਅਤੇ ਫ਼ੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ (ਫੈਪ) ਨੇ ‘ਮਿਸ਼ਨ ਹਰਿਆਲੀ–2026’ ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਤਹਿਤ ਪੰਜਾਬ ਭਰ ਦੇ ਸਕੂਲਾਂ ਰਾਹੀਂ 9 ਲੱਖ ਪੌਦੇ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ।
ਫੈਡਰੇਸ਼ਨ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਭੁਪਿੰਦਰ ਸਿੰਘ ਦੇਵੀਗੜ੍ਹ ਨੇ ਕਿਹਾ ਕਿ ਮੁਹਿੰਮ ਦਾ ਉਦੇਸ਼ ਕੇਵਲ ਪੌਦੇ ਲਗਾਉਣਾ ਨਹੀਂ, ਸਗੋਂ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ ਵਾਤਾਵਰਨ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਅਤੇ ਲਗਾਏ ਪੌਦਿਆਂ ਦੀ ਸੰਭਾਲ ਯਕੀਨੀ ਬਣਾਉਣਾ ਵੀ ਹੈ।
ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਮਿਸ਼ਨ ਤਹਿਤ 5 ਤੋਂ 15 ਜੁਲਾਈ, 2026 ਤੱਕ ਹਰ ਵਿਦਿਆਰਥੀ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਇੱਕ ਪੌਦਾ ਲਗਾਏਗਾ, ਜਦਕਿ ਹਰ ਸਕੂਲ ਆਪਣੇ ਕੈਂਪਸ ਜਾਂ ਹੋਰ ਉਚਿਤ ਥਾਵਾਂ ’ਤੇ ਘੱਟੋ—ਘੱਟ 100 ਪੌਦੇ ਲਗਾਏਗਾ। ਸਕੂਲਾਂ ਨੂੰ ਪਹਿਲਾਂ ਹੀ ਟੋਏ ਤਿਆਰ ਕਰਨ ਅਤੇ ਘੱਟੋ—ਘੱਟ ਦੋ ਫੁੱਟ ਉੱਚੇ ਪੌਦੇ ਲਗਾਉਣ ਦੀ ਸਲਾਹ ਦਿੱਤੀ ਗਈ ਹੈ।
ਭੁਪਿੰਦਰ ਸਿੰਘ ਦੇਵੀਗੜ੍ਹ ਨੇ ਜ਼ਿਲਾ ਪਟਿਆਲਾ ਦੇ ਸਮੂਹ ਸਕੂਲ ਪ੍ਰਬੰਧਕਾਂ, ਪ੍ਰਿੰਸੀਪਲਾਂ, ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵੱਧ ਤੋਂ ਵੱਧ ਭਾਗੀਦਾਰੀ ਦੀ ਅਪੀਲ ਕਰਦਿਆਂ ਕਿਹਾ ਕਿ ‘ਮਿਸ਼ਨ ਹਰਿਆਲੀ–2026’ ਨੂੰ ਲੋਕ ਅੰਦੋਲਨ ਬਣਾਕੇ ਪੰਜਾਬ ਨੂੰ ਹਰਿਆ—ਭਰਿਆ ਅਤੇ ਵਾਤਾਵਰਨ ਪੱਖੋਂ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ।