ਪਾਤੜਾਂ : ਪਿਛਲੇ ਮਹੀਨੇ ਹੋਈਆਂ ਨਗਰ ਕੌਂਸਲ ਚੋਣਾਂ ਦੀ ਨਾਮਜਦਗੀ ਪੱਤਰਾਂ ਦੇ ਦਾਖਲੇ ਸਮੇਂ ਸਬ ਡਿਵੀਜ਼ਨ ਕੰਪਲੈਕਸ ਵਿਖੇ ਦੋ ਧਿਰਾਂ ਦਰਮਿਆਨ ਹੋਏ ਝਗੜੇ ਨੇ ਅੱਜ ਉਸ ਸਮੇਂ ਭਿਆਨਕ ਰੂਪ ਧਾਰਨ ਕਰ ਲਿਆ ਜਦੋਂ ਸ਼ਹਿਰ ਦੇ ਵਾਰਡ ਨੰਬਰ ਪੰਜ ਤੋਂ ਆਮ ਆਦਮੀ ਪਾਰਟੀ ਦੇ ਜਿੱਤੇ ਕੌਂਸਲਰ ਪਰਮਜੀਤ ਕੌਰ ਦੇ ਪਤੀ ਅਤੇ ਆਪ ਦੇ ਸੀਨੀਅਰ ਆਗੂ ਅਤੇ ਉੱਤਰੀ ਭਾਰਤ ਵਿੱਚ ਪੁਰਾਣੀਆਂ ਘਰਾਂ ਦੀ ਵੇਚ ਖਰੀਦ ਲਈ ਪ੍ਰਸਿੱਧ ਪਾਤੜਾਂ ਦੇ ਕਾਰ ਬਾਜ਼ਾਰ ਦੇ ਡੀਲਰਾਂ ਦੀ ਜਥੇਬੰਦੀ ਕਾਰ ਡੀਲਰਜ ਐਸੋਸੀਏਸ਼ਨ ਪਾਤੜਾਂ ਦੇ ਪ੍ਰਧਾਨ ਕੁਲਦੀਪ ਸਿੰਘ ਬਿੱਟੂ ਬੰਦੇਸ਼ਾਂ ਉੱਤੇ ਅਣਪਛਾਤੇ ਵਿਅਕਤੀਆਂ ਨੇ ਕਥਿਤ ਤੌਰ ਤੇ ਜਾਨਲੇਵਾ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਘਟਨਾ ਦਾ ਪਤਾ ਲੱਗਦਿਆ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਜਲਦੀ ਕਥਿਤ ਦੋਸ਼ੀਆਂ ਨੂੰ ਕਾਬੂ ਕਰ ਲਏ ਜਾਣ ਦਾ ਦਾਅਵਾ ਕੀਤਾ ਹੈ। ਸ਼ਹਿਰ ਦੇ ਮੁੱਖ ਚੌਂਕ ਵਿੱਚ ਦਿਨ ਦਿਹਾੜੇ ਵਾਪਰੀ ਇਸ ਘਟਨਾ ਦੀਆਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ ਵੀਡੀਓ ਸਾਰਾ ਦਿਨ ਸ਼ਹਿਰ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ।
ਜਾਣਕਾਰੀ ਅਨੁਸਾਰ ਆਪ ਆਗੂ ਕੁਲਦੀਪ ਸਿੰਘ ਬਿੱਟੂ ਬੰਦੇਸ਼ਾਂ ਸ਼ਹਿਰ ਦੇ ਪਟਿਆਲਾ ਰੋਡ ਉੱਤੇ ਹੇਅਰ ਡਰੈਸਰ ਦੀ ਦੁਕਾਨ ਉਤੋਂ ਨਿਕਲ ਕੇ ਜਦੋਂ ਆਪਣੇ ਘਰ ਨੂੰ ਜਾ ਰਹੇ ਸਨ ਤਾਂ ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਂਕ ਸੰਗਰੂਰ ਰੋਡ ਕੈਂਚੀਆਂ ਵਿਖੇ ਪਿੱਛੋਂ ਇੱਕ ਤੇਜ਼ ਰਫਤਾਰ ਗੱਡੀ ਨੇ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ। ਹਮਲਾਵਾਰ ਬਿੱਟੂ ਬੰਦੇਸ਼ਾਂ ਦੀ ਕੁੱਟਮਾਰ ਕਰਕੇ ਮੌਕੇ ਉੱਤੋਂ ਫਰਾਰ ਹੋ ਗਏ। ਜਿਸ ਮਗਰੋਂ ਰਾਹਗੀਰਾਂ ਨੇ ਕੌਂਸਲਰ ਦੇ ਪਤੀ ਬਿੱਟੂ ਬੰਦੇਸ਼ਾ ਨੂੰ ਹਸਪਤਾਲ ਭਰਤੀ ਕਰਾਇਆ ਜਿੱਥੋਂ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਵੇਖਦਿਆਂ ਹੋਇਆ ਉਸ ਨੂੰ ਸਿਵਲ ਹਸਪਤਾਲ ਸਮਾਣਾ ਰੈਫਰ ਕਰ ਦਿੱਤਾ।
ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪਾਤੜਾਂ ਇੰਸਪੈਕਟਰ ਜਸਵਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਘਟਨਾ ਨਿੱਜੀ ਰੰਜਿਸ਼ ਦੇ ਚੱਲਦਿਆਂ ਵਾਪਰੀ ਲੱਗਦੀ ਹੈ। ਕੁੱਟਮਾਰ ਦਾ ਸ਼ਿਕਾਰ ਹੋਏ ਕੁਲਦੀਪ ਸਿੰਘ ਬਿੱਟੂ ਬੰਦੇਸ਼ਾ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲੇ ਦੀ ਡੁੰਘਾਈ ਨਾਲ ਪੜਤਾਲ ਕੀਤੀ ਜਾ ਰਹੀ। ਪੁਲਿਸ ਵੱਲੋਂ ਸਿਕੰਦਰ ਸਿੰਘ ਵਾਸੀ ਦੁਤਾਲ ਸਮੇਤ ਸੱਤ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ।
ਕੀ ਰੰਜਿਸ਼ ਦੀ ਵਜ੍ਹਾ ?
ਡੱਬੀ :
ਨਗਰ ਕੌਂਸਲ ਚੋਣਾਂ ਦੀ ਨਾਮਜ਼ਦਗੀ ਪੱਤਰਾਂ ਦੇ ਦਾਖਲੇ ਸਮੇਂ ਸ਼ਹਿਰ ਦੇ ਵਾਰਡ ਨੰਬਰ ਪੰਜ ਤੋਂ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਨਿੱਤਰੇ ਜਗਦੇਵ ਸਿੰਘ ਸੰਧੂ ਦੀ ਪਤਨੀ ਜਦੋਂ ਆਪਣੇ ਨਾਮਜਦਗੀ ਪੱਤਰ ਦਾਖਲ ਕਰਨ ਜਾ ਰਹੀ ਸੀ ਤਾਂ ਆਪ ਉਮੀਦਵਾਰ ਪਰਮਜੀਤ ਕੌਰ ਦੇ ਪਤੀ ਕੁਲਦੀਪ ਸਿੰਘ ਬਿੱਟੂ ਬੰਦੇਸ਼ਾਂ ਕਾਂਗਰਸੀ ਉਮੀਦਵਾਰ ਦੇ ਨਾਮਜਦਗੀ ਪੱਤਰਾਂ ਵਾਲੀ ਫਾਈਲ ਖੋਹ ਕੇ ਭੱਜ ਗਏ ਜਿਸ ਦੀ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਹੋਣ ਮਗਰੋਂ ਵਿਰੋਧੀ ਪਾਰਟੀਆਂ ਦੇ ਆਗੂ ਤਹਿਸੀਲ ਕੰਪਲੈਕਸ ਵਿੱਚ ਨਾਅਰੇਬਾਜ਼ੀ ਕਰਨ ਲੱਗੇ ਇਸ ਦੌਰਾਨ ਗੱਲ ਹੱਥੋਪਾਈ ਤੱਕ ਪਹੁੰਚ ਗਈ ਜਿਸਦੇ ਚੱਲਦਿਆਂ ਕਾਂਗਰਸੀ ਸਮਰਥਕ ਸਿਕੰਦਰ ਸਿੰਘ ਦੁਤਾਲ ਦੇ ਕਾਫੀ ਸੱਟਾਂ ਲੱਗੀਆਂ ਅਤੇ ਉਸਨੂੰ ਹਸਪਤਾਲ ਕਰਾਉਣ ਦਾਖਲ ਕਰਾਉਣਾ ਪਿਆ। ਇਸ ਵਾਪਰੀ ਘਟਨਾ ਨੂੰ ਲੈ ਕੇ ਦੋਨਾਂ ਗੁੱਟਾਂ ਵਿਚਕਾਰ ਚੱਲਦੀ ਆ ਰਹੀ ਸੀ। ਕਾਂਗਰਸੀ ਉਮੀਦਵਾਰ ਦਾ ਪਤੀ ਚੋਣਾਂ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ ਸੀ।
ਫੋਟੋ : ਆਪ ਆਗੂ ਕੁਲਦੀਪ ਸਿੰਘ ਬਿੱਟੂ ਬੰਦੇਸ਼ਾਂ ਦੀ ਕੁੱਟਮਾਰ ਕਰਦੇ ਹੋਏ ਅਣਪਛਾਤੇ ਵਿਅਕਤੀਆਂ ਦੀ ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓ ਵਿੱਚੋਂ ਲਈ ਗਈ ਤਸਵੀਰ।