ਦੇਵੀਗੜ : ਡਾ. ਬੀ.ਐਸ. ਸੰਧੂ ਮੈਮੋਰੀਅਲ ਪਬਲਿਕ ਸਕੂਲ, ਘੜਾਮ ਰੋਡ, ਜੁਲਾਹ ਖੇੜੀ ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਨੇਪਾਲ ਦੇ ਰੰਗਸ਼ਾਲਾ ਸਟੇਡੀਅਮ ਪੋਖੜਾ ਵਿਖੇ ਹੋਈ ‘ਇੰਡੋ-ਨੇਪਾਲ ਯੂਥ ਗੇਮਜ਼ ਇੰਟਰਨੈਸ਼ਨਲ ਚੈਂਪੀਅਨਸ਼ਿਪ 2026’ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਸੋਨੇ ਅਤੇ ਚਾਂਦੀ ਦੇ ਤਗਮੇ ਜਿੱਤ ਕੇ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ ਅਤੇ ਸਕੂਲ ਦੀ ਝੋਲੀ ਵਿੱਚ **ਓਵਰਆਲ ਚੈਂਪੀਅਨਸ਼ਿਪ ਦੀ ਟਰਾਫੀ** ਪਾਈ ਹੈ। ਖੇਡਾਂ ਦੇ ਵੇਰਵੇ ਅਨੁਸਾਰ ਕਰਾਟੇ ਮੁਕਾਬਲਿਆਂ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਗੈਰੀ, ਚਾਹਤਪ੍ਰੀਤ ਕੌਰ ਅਤੇ ਇੰਦਰਜੀਤ ਸਿੰਘ ਨੇ ਗੋਲਡ ਮੈਡਲ ਹਾਸਲ ਕੀਤੇ, ਜਦਕਿ ਅਭਿਰਾਜਵੀਰ ਸਿੰਘ, ਨਵਨਦੀਪ ਸਿੰਘ ਅਤੇ ਰਮਨਜੋਤ ਕੌਰ ਨੇ ਸਿਲਵਰ ਮੈਡਲ ਜਿੱਤ ਕੇ ਸਕੂਲ ਦਾ ਮਾਣ ਵਧਾਇਆ। ਸਕੂਲ ਪਹੁੰਚਣ 'ਤੇ ਜੇਤੂ ਖਿਡਾਰੀਆਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਅੰਤਰਰਾਸ਼ਟਰੀ ਸਫ਼ਲਤਾ 'ਤੇ ਖੁਸ਼ੀ ਪ੍ਰਗਟ ਕਰਦੇ ਹੋਏ ਸਕੂਲ ਦੇ ਚੇਅਰਮੈਨ ਹਰਦੀਪ ਸਿੰਘ ਸੰਧੂ, ਮੈਨੇਜਿੰਗ ਡਾਇਰੈਕਟਰ ਰਾਜਿੰਦਰ ਕੌਰ ਸੰਧੂ ਅਤੇ ਪ੍ਰਿੰਸੀਪਲ ਤਰਨਦੀਪ ਕੌਰ ਅਰੋੜਾ ਨੇ ਸਾਂਝੇ ਤੌਰ 'ਤੇ ਜੇਤੂ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਕੋਚ ਸਾਹਿਬਾਨ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਸਾਡੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਮੰਚ 'ਤੇ ਓਵਰਆਲ ਟਰਾਫੀ ਜਿੱਤ ਕੇ ਜੋ ਮੱਲਾਂ ਮਾਰੀਆਂ ਹਨ, ਉਸ 'ਤੇ ਪੂਰੇ ਸਕੂਲ ਸਟਾਫ਼ ਅਤੇ ਇਲਾਕੇ ਨੂੰ ਬਹੁਤ ਮਾਣ ਹੈ। ਉਨ੍ਹਾਂ ਅੱਗੇ ਕਿਹਾ ਕਿ ਸਕੂਲ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਅਤੇ ਖੇਡਾਂ ਲਈ ਹਮੇਸ਼ਾ ਵਧੀਆ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ, ਤਾਂ ਜੋ ਬੱਚੇ ਭਵਿੱਖ ਵਿੱਚ ਵੀ ਦੇਸ਼-ਵਿਦੇਸ਼ ਵਿੱਚ ਇਸੇ ਤਰ੍ਹਾਂ ਨਾਮ ਚਮਕਾਉਂਦੇ ਰਹਿਣ।