ਅੰਮ੍ਰਿਤਸਰ : ਅੰਮ੍ਰਿਤਸਰ ਟ੍ਰੈਫਿਕ ਪੁਲਿਸ ਦੇ ਏਸੀਪੀ ਪਰਮਜੀਤ ਸਿੰਘ ਨੂੰ ਉਨ੍ਹਾਂ ਦੀ ਸ਼ਾਨਦਾਰ ਸੇਵਾਮੁਕਤੀ ਮੌਕੇ ਵਿਭਾਗ ਵੱਲੋਂ ਇੱਕ ਭਾਵੁਕ ਅਤੇ ਯਾਦਗਾਰੀ ਵਿਦਾਈ ਦਿੱਤੀ ਗਈ। ਇਸ ਮੌਕੇ ਟ੍ਰੈਫਿਕ ਪੁਲਿਸ ਦੇ ਉੱਚ ਅਧਿਕਾਰੀਆਂ, ਕਰਮਚਾਰੀਆਂ ਅਤੇ ਸਹਿਯੋਗੀਆਂ ਨੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਨਿੱਘਾ ਸਨਮਾਨ ਦਿੱਤਾ। ਸਮਾਗਮ ਦੀ ਸ਼ੁਰੂਆਤ ਤੋਂ ਪਹਿਲਾਂ, ਏਸੀਪੀ ਪਰਮਜੀਤ ਸਿੰਘ ਨੇ ਧੰਨ-ਧੰਨ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ 'ਤੇ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਆਪਣੀ ਸਫਲ ਸੇਵਾ ਲਈ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਸਮਾਗਮ ਦੌਰਾਨ ਟ੍ਰੈਫਿਕ ਵਿੰਗ ਦੇ ਸਬ-ਇੰਸਪੈਕਟਰ ਨੇ ਆਪਣੇ ਸੰਬੋਧਨ ਵਿੱਚ ਏਸੀਪੀ ਪਰਮਜੀਤ ਸਿੰਘ ਦੀ ਸਾਦਗੀ, ਇਮਾਨਦਾਰੀ ਅਤੇ ਮਿਲਣਸਾਰ ਸੁਭਾਅ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ 6-7 ਮਹੀਨਿਆਂ ਵਿੱਚ ਉਨ੍ਹਾਂ ਨਾਲ ਕੰਮ ਕਰਨ ਦੌਰਾਨ ਅਸੀਂ ਇੱਕ ਪਰਿਵਾਰ ਵਾਂਗ ਮਹਿਸੂਸ ਕੀਤਾ ਹੈ। ਏਸੀਪੀ ਸਾਹਿਬ ਨੇ ਹਮੇਸ਼ਾ ਆਪਣੇ ਅਧੀਨ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਸਤਿਕਾਰ ਦਿੱਤਾ ਅਤੇ ਹਰ ਔਖੀ ਘੜੀ ਵਿੱਚ ਧੀਰਜ ਨਾਲ ਅਗਵਾਈ ਕੀਤੀ। ਉਨ੍ਹਾਂ ਕਿਹਾ, "ਮੈਨੂੰ ਖੁਸ਼ੀ ਹੈ ਕਿ ਮੈਨੂੰ ਬਾਬਾ ਦੀਪ ਸਿੰਘ ਜੀ ਦੇ ਪਾਵਨ ਅਸਥਾਨ 'ਤੇ ਸੇਵਾ ਕਰਨ ਦਾ ਸੁਭਾਗ ਮਿਲਿਆ।" ਉਨ੍ਹਾਂ ਆਪਣੀ ਸੇਵਾ ਦੌਰਾਨ ਮਿਲੇ ਸਹਿਯੋਗ ਲਈ ਉੱਚ ਅਧਿਕਾਰੀਆਂ, ਸਾਥੀ ਮੁਲਾਜ਼ਮਾਂ ਅਤੇ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਰਿਟਾਇਰਮੈਂਟ ਪਾਰਟੀ ਵਿੱਚ ਸਾਥੀਆਂ ਵੱਲੋਂ ਦਿੱਤਾ ਗਿਆ ਇਹ ਪਿਆਰ ਅਤੇ ਸਨਮਾਨ ਉਨ੍ਹਾਂ ਲਈ ਜ਼ਿੰਦਗੀ ਭਰ ਦੀ ਅਮਾਨਤ ਰਹੇਗਾ। ਅੰਤ ਵਿੱਚ ਸਮੂਹ ਸਟਾਫ ਵੱਲੋਂ ਏਸੀਪੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ, ਚੰਗੀ ਸਿਹਤ ਅਤੇ ਖੁਸ਼ਹਾਲ ਜੀਵਨ ਲਈ ਅਰਦਾਸ ਕੀਤੀ ਗਈ। ਇਸ ਮੌਕੇ ਤੇ ਸਮੂਹ ਮੁਲਾਜ਼ਮ ਅਤੇ ਆਮ ਲੋਕ ਮੌਜੂਦ ਸਨ।.