ਪਟਿਆਲਾ : ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ ਕਮਿਸ਼ਨਰ ਪੰਜਾਬ ਕਮਲਪ੍ਰੀਤ ਕੌਰ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਜ਼ਿਲ੍ਹਾ ਸਿਹਤ ਅਫ਼ਸਰ ਪਟਿਆਲਾ ਡਾ. ਗੁਰਪ੍ਰੀਤ ਕੌਰ ਦੀ ਦੇਖ-ਰੇਖ ਹੇਠ ਫੂਡ ਸੇਫਟੀ ਟੀਮ ਵੱਲੋਂ ਮਈ ਅਤੇ ਜੂਨ 2026 ਦੌਰਾਨ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਖਾਣ-ਪੀਣ ਵਾਲੀਆਂ ਵਸਤੂਆਂ ਦੇ ਕੁੱਲ 76 ਸੈਂਪਲ ਭਰੇ ਗਏ। ਇਨ੍ਹਾਂ ਵਿੱਚ ਮਈ 2026 ਦੌਰਾਨ 38 ਅਤੇ ਜੂਨ 2026 ਦੌਰਾਨ 38 ਸੈਂਪਲ ਭਰੇ ਗਏ ਸਨ। ਸਟੇਟ ਫੂਡ ਲੈਬਾਰਟਰੀ ਤੋਂ ਪ੍ਰਾਪਤ ਵਿਸ਼ਲੇਸ਼ਣ ਰਿਪੋਰਟਾਂ ਅਨੁਸਾਰ ਮਈ 2026 ਦੌਰਾਨ ਭਰੇ ਗਏ ਸੈਂਪਲਾਂ ਵਿੱਚੋਂ ਕਈ ਸੈਂਪਲ ਮਾਪਦੰਡਾਂ ਅਨੁਸਾਰ ਸਹੀ ਨਹੀਂ ਪਾਏ ਗਏ ਜਿਵੇਂ ਕਿ ਸੁਖਵਿੰਦਰ ਟੀ ਸਟਾਲ, ਸਵੀਟਸ ਐਂਡ ਡੇਅਰੀ ਤੋਂ ਭਰਿਆ ਗਿਆ ਦਹੀਂ ਦਾ ਸੈਂਪਲ ਸਬਸਟੇਂਡਰਡ ਘੋਸ਼ਿਤ ਕੀਤਾ ਗਿਆ, ਡੇਅਰੀਲੈਂਡ ਫਾਰਮ ਤੋਂ ਭਰਿਆ ਗਿਆ ਮਿਕਸਡ ਮਿਲਕ ਦਾ ਸੈਂਪਲ ਸਬਸਟੇਂਡਰਡ ਘੋਸ਼ਿਤ ਕੀਤਾ ਗਿਆ, ਮਈ 2026 ਦੌਰਾਨ ਭਰੇ ਗਏ ਕੁੱਲ 38 ਸੈਂਪਲਾਂ ਵਿੱਚੋਂ 5 ਸੈਂਪਲ ਸਬਸਟੇਂਡਰਡ, 3 ਸੈਂਪਲ ਅਨਸੇਫ ਅਤੇ ਬਾਕੀ 30 ਸੈਂਪਲ ਕਨਫਰਮ ਟੁ ਸਟੇਂਡਰਡ ਘੋਸ਼ਿਤ ਕੀਤੇ ਗਏ। ਬਾਕੀ 26 ਸੈਂਪਲਾਂ ਦੀਆਂ ਵਿਸ਼ਲੇਸ਼ਣ ਰਿਪੋਰਟਾਂ ਅਜੇ ਤੱਕ ਪ੍ਰਾਪਤ ਨਹੀਂ ਹੋਈਆਂ ਹਨ। ਮਾਪਦੰਡਾਂ ਅਨੁਸਾਰ ਸਹੀ ਨਾ ਪਾਏ ਗਏ ਸੈਂਪਲਾਂ ਨਾਲ ਸਬੰਧਤ ਫੂਡ ਬਿਜ਼ਨੇਸ ਆਪਰੇਟਰ ਵਿਰੁੱਧ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ 2006 ਅਤੇ ਇਸ ਅਧੀਨ ਬਣੇ ਨਿਯਮਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਜਿਲ੍ਹਾ ਸਿਹਤ ਅਫਸਰ ਡਾ.ਗੁਰਪ੍ਰੀਤ ਕੌਰ ਵੱਲੋਂ ਸਮੂਹ ਫੂਡ ਬਿਜਨੈਸ ਓਪਰੇਟਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੁਣਵੱਤਾ ਅਤੇ ਸਾਫ਼-ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ। ਖੁਰਾਕੀ ਵਸਤੂਆਂ ਨੂੰ ਸਾਫ਼-ਸੁਥਰੇ ਅਤੇ ਸੁਰੱਖਿਅਤ ਢੰਗ ਨਾਲ ਤਿਆਰ ਅਤੇ ਸਟੋਰ ਕੀਤਾ ਜਾਵੇ ਅਤੇ ਆਮ ਲੋਕਾਂ ਨੂੰ ਸਿਰਫ਼ ਮਿਆਰੀ ਅਤੇ ਸੁਰੱਖਿਅਤ ਖਾਦ ਪਦਾਰਥ ਹੀ ਮੁਹੱਈਆ ਕਰਵਾਏ ਜਾਣ।