ਲੁਧਿਆਣਾ : ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਦੇਸ਼-ਵਿਦੇਸ਼ ਤੋਂ ਨਤਮਸਤਕ ਹੋਣ ਲਈ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ 60 ਆਧੁਨਿਕ ਬਾਥਰੂਮਾਂ ਦੀ ਕਾਰ ਸੇਵਾ ਦਾ ਸ਼ੁਭ ਆਰੰਭ ਕੀਤਾ ਗਿਆ। ਇਹ ਸੇਵਾ ਸੰਤ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਪਟਿਆਲੇ ਵਾਲਿਆਂ ਦੀ ਅਗਵਾਈ ਹੇਠ ਸੰਤ ਬਾਬਾ ਹਰਪਿੰਦਰ ਸਿੰਘ ਜੀ ਭਿੰਦਾ ਵੱਲੋਂ ਸ਼ੁਰੂ ਕਰਵਾਈ ਗਈ। ਕਾਰ ਸੇਵਾ ਦੇ ਆਰੰਭ ਮੌਕੇ ਅਰਦਾਸ ਗਿਆਨੀ ਬਲਵਿੰਦਰ ਸਿੰਘ, ਹੈੱਡ ਗ੍ਰੰਥੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਨੇ ਕੀਤੀ। ਇਸ ਮੌਕੇ ਸੰਤ ਬਾਬਾ ਹਰਪਿੰਦਰ ਸਿੰਘ ਜੀ ਭਿੰਦਾ ਨੇ ਕਿਹਾ ਕਿ ਗੁਰੂ ਘਰ ਵਿੱਚ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਪੁੰਨ ਦਾ ਕਾਰਜ ਹੈ। ਉਨ੍ਹਾਂ ਕਿਹਾ ਕਿ ਹਰ ਰੋਜ਼ ਅਤੇ ਵਿਸ਼ੇਸ਼ ਦਿਹਾੜਿਆਂ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ, ਜਿਸ ਕਾਰਨ ਬੁਨਿਆਦੀ ਸਹੂਲਤਾਂ ਦਾ ਵਿਸਥਾਰ ਕਰਨਾ ਸਮੇਂ ਦੀ ਲੋੜ ਬਣ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਕੁੱਲ 60 ਆਧੁਨਿਕ ਬਾਥਰੂਮ ਤਿਆਰ ਕੀਤੇ ਜਾਣਗੇ, ਜਿਨ੍ਹਾਂ ਵਿੱਚ 30 ਬੀਬੀਆਂ ਅਤੇ 30 ਭਾਈਆਂ ਲਈ ਹੋਣਗੇ।