ਲੁਧਿਆਣਾ : ਪਿਛਲੇ ਕਈ ਦਿਨਾਂ ਤੋਂ ਬਿਜਲੀ ਗਰਿੱਡ ਤੋਂ ਮਿਲ ਰਹੀ ਮਾੜੀ ਅਤੇ ਅਣਨਿਯਮਿਤ ਬਿਜਲੀ ਸਪਲਾਈ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਅੱਜ ਬਿਜਲੀ ਘਰ ਅੱਗੇ ਧਰਨਾ ਲਗਾਇਆ ਗਿਆ। ਧਰਨੇ ਵਿੱਚ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਅਤੇ ਬਲਾਕ ਸਕੱਤਰ ਅਜੀਤ ਸਿੰਘ ਧਾਂਦਰਾ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ।ਆਗੂਆਂ ਨੇ ਕਿਹਾ ਕਿ ਝੋਨੇ ਦੇ ਸੀਜ਼ਨ ਦੌਰਾਨ ਮਾੜੀ ਬਿਜਲੀ ਸਪਲਾਈ ਕਾਰਨ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਵਾਰ-ਵਾਰ ਬਿਜਲੀ ਕੱਟਾਂ ਅਤੇ ਘੱਟ ਵੋਲਟੇਜ ਕਾਰਨ ਫਸਲਾਂ ਦੀ ਸਿੰਚਾਈ ਪ੍ਰਭਾਵਿਤ ਹੋ ਰਹੀ ਹੈ, ਜਿਸ ਨਾਲ ਕਿਸਾਨ ਆਰਥਿਕ ਨੁਕਸਾਨ ਝੱਲਣ ਲਈ ਮਜਬੂਰ ਹਨ। ਧਰਨੇ ਦੌਰਾਨ ਕਿਸਾਨ ਯੂਨੀਅਨ ਏਕਤਾ ਡਕਾਉਂਦਾ ਤੇ ਸੂਬਾ ਮੀਤ ਪ੍ਰਧਾਨ ਅਮਨਦੀਪ ਸਿੰਘ ਲਲਤੋਂ ਅਤੇ ਬਲਾਕ ਸਿੰਘ ਧਾਂਦਰਾ ਨੇ ਐਸਡੀਓ ਅਤੇ ਐਕਸੀਐਨ ਨੂੰ ਮੌਕੇ 'ਤੇ ਆ ਕੇ ਕਿਸਾਨਾਂ ਦੇ ਸਨਮੁਖ ਮਾੜੀ ਬਿਜਲੀ ਸਪਲਾਈ ਸਬੰਧੀ ਆਪਣਾ ਸਪਸ਼ਟੀਕਰਨ ਦੇਣ ਦੀ ਮੰਗ ਕੀਤੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਬਿਜਲੀ ਸਪਲਾਈ ਵਿੱਚ ਜਲਦ ਸੁਧਾਰ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਬਿਜਲੀ ਵਿਭਾਗ ਅਤੇ ਸਰਕਾਰ ਦੀ ਹੋਵੇਗੀ।
ਕੀ ਕਿਹਾ ਐਸਡੀਓ ਮੋਹਨਪ੍ਰੀਤ ਸਿੰਘ ਨੇ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਿਜਲੀ ਦੀ ਮਾੜੀ ਸਪਲਾਈ, ਮੋਟਰਾਂ ਲਈ ਨਾਕਾਫ਼ੀ ਬਿਜਲੀ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਦਿੱਤੇ ਧਰਨੇ ਤੋਂ ਬਾਅਦ ਪਾਵਰਕੌਮ ਦੇ ਐਸਡੀਓ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਵਿਭਾਗ ਉਨ੍ਹਾਂ ਦੀਆਂ ਜਾਇਜ਼ ਮੰਗਾਂ ਅਤੇ ਮੁਸ਼ਕਲਾਂ ਦੇ ਹੱਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕਿਸਾਨਾਂ ਵੱਲੋਂ ਕੁਝ ਅਧਿਕਾਰੀਆਂ ਅਤੇ ਕਰਮਚਾਰੀਆਂ 'ਤੇ ਰਿਸ਼ਵਤ ਮੰਗਣ ਅਤੇ ਲੋਕਾਂ ਦੀ ਸੁਣਵਾਈ ਨਾ ਕਰਨ ਦੇ ਲਗਾਏ ਦੋਸ਼ਾਂ ਸਬੰਧੀ ਐਸਡੀਓ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਪ੍ਰਤੀ 'ਜ਼ੀਰੋ ਟੋਲਰੈਂਸ' ਨੀਤੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਵੀ ਕਰਮਚਾਰੀ ਵੱਲੋਂ ਗੈਰ-ਵਾਜਬ ਮੰਗ ਕੀਤੀ ਜਾਂਦੀ ਹੈ ਜਾਂ ਲੋਕਾਂ ਨਾਲ ਅਣਉਚਿਤ ਵਿਵਹਾਰ ਕੀਤਾ ਜਾਂਦਾ ਹੈ ਤਾਂ ਉਹ ਸਿੱਧੇ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆਉਣ। ਉਨ੍ਹਾਂ ਭਰੋਸਾ ਦਿੱਤਾ ਕਿ ਹਰ ਸ਼ਿਕਾਇਤ ਦੀ ਨਿਰਪੱਖ ਜਾਂਚ ਕਰਕੇ ਦੋਸ਼ੀ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ, ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।