ਖਰੜ : ਹਲਕਾ ਖਰੜ ਤੋਂ ਭਾਜਪਾ ਦੇ ਸੀਨੀਅਰ ਆਗੂ ਰਣਜੀਤ ਸਿੰਘ ਗਿੱਲ ਵੱਲੋਂ ਪਿੰਡ-ਪਿੰਡ ਨੁੱਕੜ ਮੀਟਿੰਗਾਂ ਦਾ ਸਿਲਸਿਲੇ ਤਹਿਤ ਪਿੰਡ ਜੰਡਪੁਰ ਵਿਖੇ ਮੋਤਬਰ ਸੱਜਣਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ, ਜਿਸ ਦੌਰਾਨ ਇਲਾਕੇ ਦੀਆਂ ਮੁੱਖ ਸਮੱਸਿਆਵਾਂ ਅਤੇ ਵਿਕਾਸ ਸਬੰਧੀ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।ਮੀਟਿੰਗ ਨੂੰ ਸੰਬੋਧਨ ਕਰਦਿਆਂ ਰਾਣਾ ਗਿੱਲ ਨੇ ਕਿਹਾ ਕਿ ਵੱਡੇ ਬਜਟ ਵਾਲੀ ਖਰੜ ਕਮੇਟੀ ਹੋਣ ਦੇ ਬਾਵਜੂਦ ਖਰੜ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕ ਅੱਜ ਵੀ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਉਨ੍ਹਾਂ ਕਿਹਾ ਕਿ ਝੁੰਗੀਆਂ ਰੋਡ ਦੀ ਖਸਤਾ ਹਾਲਤ ਕਾਰਨ ਆਵਾਜਾਈ ਕਰਨ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਜੰਡਪੁਰ ਵਿੱਚ ਸੀਵਰੇਜ ਪਾਉਣ ਲਈ ਪੱਟੀ ਗਈ ਫਿਰਨੀ ਨੂੰ ਪ੍ਰਸ਼ਾਸਨ ਵੱਲੋਂ ਅਜੇ ਤੱਕ ਠੀਕ ਨਹੀਂ ਕਰਵਾਇਆ ਗਿਆ, ਜਿਸ ਕਾਰਨ ਪਿੰਡ ਵਾਸੀਆਂ ਨੂੰ ਰੋਜ਼ਾਨਾ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਖਰੜ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਅਤੇ ਨਿਕਾਸੀ ਦੀਆਂ ਸਮੱਸਿਆਵਾਂ ਵੀ ਗੰਭੀਰ ਰੂਪ ਧਾਰ ਚੁੱਕੀਆਂ ਹਨ।ਰਾਣਾ ਗਿੱਲ ਨੇ ਕਿਹਾ ਕਿ ਅੱਜ ਖਰੜ ਸ਼ਹਿਰ ਵਿਕਾਸ ਕਾਰਜਾਂ ਦੀ ਬਜਾਏ ਸੋਸ਼ਲ ਮੀਡੀਆ ’ਤੇ ਟਰੋਲਿੰਗ ਲਈ ਵੱਧ ਚਰਚਾ ਵਿੱਚ ਰਹਿੰਦਾ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਵਿਗੜ ਰਹੀ ਅਰਥ-ਵਿਵਸਥਾ ਨੂੰ ਮੁੜ ਲੀਹ ’ਤੇ ਲਿਆਉਣ ਲਈ ਡਬਲ ਇੰਜਣ ਸਰਕਾਰ ਦੀ ਬਹੁਤ ਲੋੜ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿਨ੍ਹਾਂ ਸੂਬਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਉਹ ਅੱਜ ਵਿਕਾਸ ਦੇ ਮਾਮਲੇ ਵਿੱਚ ਦੇਸ਼ ਦੇ ਅਗੇਤਾਰ ਸੂਬਿਆਂ ਵਿੱਚ ਸ਼ਾਮਲ ਹਨ।ਇਸ ਮੌਕੇ ਗੁਰਿੰਦਰ ਸਿੰਘ ਚੀਮਾ, ਐਮਸੀ ਪ੍ਰਿੰਸ ਸੰਗੂ, ਸੋਨੀ ਢਿੱਲੋਂ, ਅਰਮਾਨ ਚੀਮਾ, ਧਰਮਿੰਦਰ ਭੰਗੂ, ਮਨਪ੍ਰੀਤ ਨੰਦੀ ਭੰਗੂ, ਦਵਿੰਦਰ ਸੰਗੂ, ਕਾਲਾ ਬੱਲੋ ਮਾਜਰਾ ਅਤੇ ਹੋਰ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਹਾਜ਼ਰ ਸਨ।