ਕੋਟਕਪੂਰਾ : ਕੋਟਕਪੂਰਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਅਵਾਰਾ ਅਤੇ ਆਦਮਖੋਰ ਕੁੱਤਿਆਂ ਦਾ ਖ਼ੌਫ਼ ਲਗਾਤਾਰ ਵਧਦਾ ਜਾ ਰਿਹਾ ਹੈ। ਸਥਾਨਕ ਦੁਆਰੇਆਣਾ ਰੋਡ ’ਤੇ ਲੱਗੇ ਇਕ ਸੀ.ਸੀ.ਟੀ.ਵੀ. ਕੈਮਰੇ ਰਾਹੀਂ ਅੱਧੀ ਰਾਤ ਨੂੰ ਅਵਾਰਾ ਕੁੱਤਿਆਂ ਦੇ ਇਕ ਵੱਡੇ ਝੁੰਡ ਵੱਲੋਂ ਉੱਥੇ ਲੰਘ ਰਹੇ ਇਕ ਹੋਰ ਕੁੱਤੇ ਨੂੰ ਬਹੁਤ ਹੀ ਖੋਫਨਾਕ ਤਰੀਕੇ ਨਾਲ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦੇਣ ਦੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਘਟਨਾ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਕੁੱਤਿਆਂ ਦੇ ਇਸ ਝੁੰਡ ਵੱਲੋਂ ਉਸ ਦੂਸਰੇ ਕੁੱਤੇ ਨੂੰ ਬਹੁਤ ਹੀ ਬੁਰੇ ਤਰੀਕੇ ਨਾਲ ਪਾੜ ਕੇ ਮਾਰ ਦੇਣ ਦੀ ਇਸ ਘਟਨਾ ਕਾਰਨ ਇਲਾਕਾ ਨਿਵਾਸੀਆਂ ਵਿੱਚ ਭੈਅ ਤੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਅੱਜ ਸਵੇਰੇ ਜਦ ਉਹ ਆਪਣੀਆਂ ਦੁਕਾਨਾਂ ’ਤੇ ਪਹੁੰਚੇ ਤਾਂ ਉਨ੍ਹਾਂ ਨੇ ਇਕ ਕੁੱਤਾ ਮਰਿਆ ਪਿਆ ਵੇਖਿਆ, ਜੋ ਕਿ ਬੁਰੀ ਤਰ੍ਹਾਂ ਵੱਢਿਆ-ਟੁੱਕਿਆ ਪਿਆ ਸੀ। ਉਸ ਮ੍ਰਿਤਕ ਕੁੱਤੇ ਦੀ ਬਹੁਤ ਬੁਰੀ ਹਾਲਤ ਵੇਖ ਕੇ ਲੋਕਾਂ ਨੂੰ ਬਹੁਤ ਹੈਰਾਨੀ ਹੋਈ ਅਤੇ ਇਸ ਤੋਂ ਬਾਅਦ ਜਦੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇਖੀ ਗਈ ਤਾਂ ਸਾਹਮਣੇ ਆਇਆ ਕਿ ਕੁੱਤਿਆਂ ਦੇ ਇਕ ਝੁੰਡ ਨੇ ਹੀ ਅੱਧੀ ਰਾਤ ਦੇ ਕਰੀਬ ਉਸ ਕੁੱਤੇ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਉਨ੍ਹਾਂ ਦੱਸਿਆ ਕਿ ਕੁੱਤੇ ਐਨੇ ਹਿੰਸਕ ਹੋ ਚੁੱਕੇ ਸਨ ਕਿ 15-16 ਮਿੰਟ ਤੱਕ ਕੁੱਤਿਆਂ ਦਾ ਇਹ ਝੁੰਡ ਉਸ ਨੂੰ ਨੋਚਦਾ ਰਿਹਾ।