ਅੰਮ੍ਰਿਤਸਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਨਿਵਾਸੀਆਂ ਨੂੰ ਸੁਲਤਾਨਵਿੰਡ ਬਾਈਪਾਸ ਅਤੇ ਸੁਲਤਾਨਵਿੰਡ ਲਿੰਕ ਰੋਡ ਦੇ ਜੰਕਸ਼ਨ 'ਤੇ ਨਵਾਂ ਬਣਿਆ ਫਲਾਈਓਵਰ ਲੋਕਾਂ ਨੂੰ ਸਮਰਪਿਤ ਕਰਕੇ ਵੱਡਾ ਤੋਹਫ਼ਾ ਦਿੱਤਾ। ਲੰਬੇ ਸਮੇਂ ਤੋਂ ਚੱਲੀ ਆ ਰਹੀ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਨ ਅਤੇ ਹਰ ਰੋਜ਼ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਦੋ ਲੱਖ ਤੋਂ ਵੱਧ ਸ਼ਰਧਾਲੂਆਂ ਲਈ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਉਸਾਰੇ ਗਏ ਇਸ ਪ੍ਰੋਜੈਕਟ ਨੂੰ ਜਨਤਾ ਦੇ 11.52 ਕਰੋੜ ਰੁਪਏ ਦੀ ਬੱਚਤ ਨਾਲ ਪਾਰਦਰਸ਼ੀ ਪ੍ਰਣਾਲੀ ਰਾਹੀਂ ਮੁਕੰਮਲ ਕੀਤਾ ਗਿਆ ਹੈ।
ਆਪਣੀ ਸਰਕਾਰ ਦੇ ਵਿਕਾਸ-ਮੁਖੀ ਸ਼ਾਸਨ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਲੋਕਾਂ ਲਈ 15 ਜੁਲਾਈ ਤੱਕ 3,100 ਨਵੇਂ ਸਟੇਡੀਅਮ, 3,000 ਜਿਮ ਅਤੇ 400 ਨਵੇਂ ਆਮ ਆਦਮੀ ਕਲੀਨਿਕ ਤਿਆਰ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਹੁਣ ਸਿੰਚਾਈ ਲਈ 80 ਫੀਸਦ ਤੋਂ ਵੱਧ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਕਿਹਾ ਕਿ ਹੁਣ ਠੇਕੇਦਾਰ 43,000 ਕਿਲੋਮੀਟਰ ਤੋਂ ਵੱਧ ਸੜਕਾਂ ਦੇ ਪੰਜ ਸਾਲਾਂ ਤੱਕ ਰੱਖ-ਰਖਾਅ ਲਈ ਜਵਾਬਦੇਹ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਿੱਥੇ ਸਰਕਾਰ ਵਿਕਾਸ ਅਤੇ ਇਮਾਨਦਾਰ ਸ਼ਾਸਨ 'ਤੇ ਕੇਂਦਰਿਤ ਹੈ, ਉੱਥੇ ਹੀ ਵਿਰੋਧੀ ਧਿਰ ਸਰਕਾਰ ਦੇ ਕੰਮਾਂ ਨੂੰ ਚੁਣੌਤੀ ਦੇਣ ਵਿੱਚ ਅਸਫਲ ਰਹਿਣ ਕਰਕੇ ਫਰਜ਼ੀ ਵੀਡੀਓਜ਼ ਵਾਇਰਲ ਕਰਨ ਵਰਗੇ ਘਟੀਆਂ ਹੱਥਕੰਡਿਆਂ 'ਤੇ ਉਤਰ ਆਈ ਹੈ।
ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਕਈ ਹੋਰ ਪਤਵੰਤੇ ਵੀ ਹਾਜ਼ਰ ਸਨ।