ਖਨੌਰੀ, 28 ਜੂਨ (ਪੰਜਾਬੀ ਸਹਿਜ ਟਾਈਮਜ਼) : ਖਨੌਰੀ ਵਿਖੇ ਕਾਂਗਰਸੀ ਆਗੂ ਸਾਦਿਕ ਖਾਨ ਦੀ ਅਗਵਾਈ ਹੇਠ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਸਪੁੱਤਰ ਅਤੇ ਯੂਥ ਕਾਂਗਰਸ ਆਗੂ ਰਾਹੁਲਇੰਦਰ ਸਿੰਘ ਸਿੱਧੂ ਦਾ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ਖਨੌਰੀ ਪਹੁੰਚਣ 'ਤੇ ਕਾਂਗਰਸੀ ਵਰਕਰਾਂ ਵੱਲੋਂ "ਕਾਂਗਰਸ ਪਾਰਟੀ ਜ਼ਿੰਦਾਬਾਦ" ਦੇ ਨਾਅਰਿਆਂ ਨਾਲ ਭਰਵਾਂ ਸਵਾਗਤ ਕੀਤਾ ਗਿਆ।
ਸਮਾਗਮ ਦੌਰਾਨ ਸਾਦਿਕ ਖਾਨ ਦੀ ਅਗਵਾਈ ਹੇਠ ਮੁਸਲਿਮ ਭਾਈਚਾਰੇ ਦੇ ਕਰੀਬ 35 ਤੋਂ 40 ਵਿਅਕਤੀਆਂ ਨੇ ਰਾਹੁਲਇੰਦਰ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਕਾਂਗਰਸ ਪਾਰਟੀ ਦਾ ਪੱਲਾ ਫੜਿਆ। ਇਸ ਮੌਕੇ ਰਾਹੁਲਇੰਦਰ ਸਿੱਧੂ ਨੇ ਪਾਰਟੀ ਵਿੱਚ ਸ਼ਾਮਲ ਹੋਏ ਨਵੇਂ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਹਰ ਵਰਕਰ ਨੂੰ ਪੂਰਾ ਮਾਣ-ਸਨਮਾਨ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਸਥਾਨ ਮਿਲੇਗਾ। ਉਨ੍ਹਾਂ ਅੱਗੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਚਲਾਇਆ ਜਾ ਰਿਹਾ ਮੁਹਿੰਮ ਵੀ ਸਿਰਫ਼ ਇਸ਼ਤਿਹਾਰਾਂ ਤੱਕ ਸੀਮਤ ਨਜ਼ਰ ਆ ਰਿਹਾ ਹੈ। ਰਾਹੁਲਇੰਦਰ ਸਿੱਧੂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਪੂਰਨ ਬਹੁਮਤ ਨਾਲ ਸੱਤਾ ਵਿੱਚ ਲਿਆਉਣ ਲਈ ਬੇਤਾਬ ਹਨ।