ਕੋਟਕਪੂਰਾ : ਪੰਜਾਬ ਐਂਡ ਸਿੰਧ ਬੈਂਕ ਨੇ ਆਪਣਾ 119ਵਾਂ ਸਥਾਪਨਾ ਦਿਵਸ ਮਨਾਇਆ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆਂ ਪੰਜਾਬ ਐਂਡ ਸਿੰਧ ਬੈਂਕ ਦੇ ਖੇਤਰੀ ਦਫ਼ਤਰ, ਫਰੀਦਕੋਟ ਦੀ ਖੇਤਰੀ ਪ੍ਰਬੰਧਕ ਸ਼ੀਤਲ ਮਹਾਜਨ ਨੇ ਕਿਹਾ ਕਿ ਬੈਂਕ ਦੇ 119ਵੇਂ ਸਥਾਪਨਾ ਦਿਵਸ ਨੂੰ ਮਨਾਉਣ ਲਈ ਉਨ੍ਹਾਂ ਨੇ ਆਈ.ਟੀ.ਆਈ. ਜਲਾਲਾਬਾਦ ਵਿਖੇ ਖੂਨਦਾਨ ਕੈਂਪ ਲਾਇਆ, ਜਿਸ ਵਿੱਚ 119 ਲੋਕਾਂ ਨੇ ਖੂਨਦਾਨ ਕੀਤਾ। ਬੈਂਕ ਦੇ ਪਿਛੋਕੜ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਇਸਦੀ ਸਥਾਪਨਾ 1907 ਵਿੱਚ ਹੋਈ ਸੀ, 1947 ਵਿੱਚ ਭਾਰਤ-ਪਾਕਿਸਤਾਨ ਵੰਡ ਦੌਰਾਨ ਬੈਂਕ ਨੇ ਉਨ੍ਹਾਂ ਲੋਕਾਂ ਨੂੰ ਵੀ ਭੁਗਤਾਨ ਕੀਤਾ, ਜੋ ਪਾਕਿਸਤਾਨ ਵਿੱਚ ਬੈਂਕ ਵਿੱਚ ਆਪਣਾ ਪੈਸਾ ਛੱਡ ਕੇ ਭਾਰਤ ਵਾਪਸ ਆ ਗਏ ਸਨ। ਅੱਜ ਬੈਂਕ ਦੀਆਂ ਭਾਰਤ ਅਤੇ ਵਿਦੇਸ਼ਾਂ ਵਿੱਚ ਸ਼ਾਖਾਵਾਂ ਹਨ। ਬੈਂਕ ਦਾ ਸਾਲਾਨਾ ਟਰਨਓਵਰ ਅਰਬਾਂ ਰੁਪਏ ਹੈ। ਪੰਜਾਬ ਐਂਡ ਸਿੰਧ ਬੈਂਕ ਹੁਣ 79.62 ਪ੍ਰਤੀਸ਼ਤ ਸਰਕਾਰੀ ਮਾਲਕੀ ਵਾਲਾ ਬੈਂਕ ਹੈ। ਜਿਸ ਦਾ ਮੁੱਖ ਦਫਤਰ ਨਵੀਂ ਦਿੱਲੀ ਵਿੱਚ ਹੈ। ਇਸ ਦੀਆਂ ਭਾਰਤ ਭਰ ਵਿੱਚ 1,554 ਸ਼ਾਖਾਵਾਂ ਹਨ, ਜਿੰਨ੍ਹਾਂ ਵਿੱਚੋਂ 623 ਪੰਜਾਬ ਵਿੱਚ ਹਨ। ਇਸ ਮੌਕੇ ਬੈਂਕ ਨੇ ਲੋੜਵੰਦਾਂ ਨੂੰ ਪੰਜ ਵਹੀਲ ਚੇਅਰਾਂ ਅਤੇ ਪੰਜ ਵਾਟਰ ਕੂਲਰ ਵੀ ਪ੍ਰਦਾਨ ਕੀਤੇ।