ਪਟਿਆਲਾ : ਮਾਨਯੋਗ ਮੇਅਰ ਨਗਰ ਨਿਗਮ ਪਟਿਆਲਾ ਕੁੰਦਨ ਗੋਗੀਆ ਅਤੇ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਨਗਰ ਨਿਗਮ ਪਟਿਆਲਾ ਦੇ ਡਾ. ਅੰਬੇਦਕਰ ਹਾਲ ਵਿੱਚ ਲੋਕਾਂ ਦੀਆਂ ਲੰਬੇ ਸਮੇਂ ਤੋਂ ਪੈਂਡਿੰਗ ਪਈਆਂ ਫਾਈਲਾਂ ਦੇ ਨਿਪਟਾਰੇ ਲਈ ਵਿਸ਼ੇਸ਼ ਸੁਵਿਧਾ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਬਿਲਡਿੰਗ ਸ਼ਾਖਾ ਨਾਲ ਸਬੰਧਤ ਐਨ.ਓ.ਸੀ. ਅਤੇ ਰਿਹਾਇਸ਼ੀ ਨਕਸ਼ਿਆਂ ਦੀਆਂ ਫਾਈਲਾਂ ਦਾ ਤੁਰੰਤ ਨਿਪਟਾਰਾ ਕਰਨ ਦੇ ਨਾਲ-ਨਾਲ ਜਨਮ ਅਤੇ ਮੌਤ ਸਰਟੀਫਿਕੇਟਾਂ ਦੀ ਪੈਂਡੰਸੀ ਨੂੰ ਦੂਰ ਕਰਨਾ ਸੀ। ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਆਪਣੀਆਂ ਲੰਬਿਤ ਫਾਈਲਾਂ ਦੇ ਨਿਪਟਾਰੇ ਲਈ ਹਾਜ਼ਰੀ ਭਰੀ। ਜਿਨ੍ਹਾਂ ਫਾਈਲਾਂ ਵਿੱਚ ਦਸਤਾਵੇਜ਼ਾਂ ਦੀ ਘਾਟ ਪਾਈ ਗਈ, ਉਨ੍ਹਾਂ ਦੇ ਬਿਨੈਕਾਰਾਂ ਨੂੰ ਬਿਲਡਿੰਗ ਸ਼ਾਖਾ ਦੇ ਅਧਿਕਾਰੀਆਂ ਵੱਲੋਂ ਲੋੜੀਂਦੇ ਦਸਤਾਵੇਜ਼ਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ ਤਾਂ ਜੋ ਦਸਤਾਵੇਜ਼ ਪੂਰੇ ਹੋਣ ਉਪਰੰਤ ਉਨ੍ਹਾਂ ਦੀਆਂ ਫਾਈਲਾਂ ਨੂੰ ਵੀ ਜਲਦ ਤੋਂ ਜਲਦ ਮਨਜ਼ੂਰੀ ਦਿੱਤੀ ਜਾ ਸਕੇ। ਜਨਮ ਅਤੇ ਮੌਤ ਸ਼ਾਖਾ ਵਿੱਚ ਚੱਲ ਰਹੇ ਕੈਂਪ ਦੌਰਾਨ ਜਨਮ ਅਤੇ ਮੌਤ ਸਰਟੀਫਿਕੇਟਾਂ ਦੀ ਪੈਂਡੰਸੀ ਨੂੰ ਦੂਰ ਕਰਨ ਵਿੱਚ ਆ ਰਹੀਆਂ ਮੁਸ਼ਕਲਾਂ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ। ਨਗਰ ਨਿਗਮ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਸਰਟੀਫਿਕੇਟਾਂ ਅਤੇ ਹੋਰ ਸੇਵਾਵਾਂ ਨਾਲ ਸਬੰਧਤ ਕੰਮ ਦੀ ਗਤੀ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ ਅਤੇ ਲੋਕਾਂ ਨੂੰ ਸਮੇਂ ਸਿਰ ਸੇਵਾਵਾਂ ਮਿਲ ਸਕਣਗੀਆਂ।