ਪਟਿਆਲਾ : ਪੰਜਾਬ ਯੂਥ ਕਾਂਗਰਸ ਦੇ ਨਵੇਂ ਨਿਯੁਕਤ ਸੂਬਾ ਪ੍ਰਧਾਨ ਸ਼ੁਭਮ ਸ਼ਰਮਾ ਸ਼ੁਬੀ ਅੱਜ ਪਟਿਆਲਾ ਵਿਖੇ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਮੋਹਿਤ ਮਹਿੰਦਰਾ ਦੇ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਦੋਵਾਂ ਆਗੂਆਂ ਵਿਚਕਾਰ ਪੰਜਾਬ ਯੂਥ ਕਾਂਗਰਸ ਨੂੰ ਹੋਰ ਮਜ਼ਬੂਤ ਬਣਾਉਣ, ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਅਤੇ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੇ ਮੁੱਦਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੋਹਿਤ ਮਹਿੰਦਰਾ ਨੇ ਨਵੇਂ ਬਣੇ ਪੰਜਾਬ ਯੂਥ ਕਾਂਗਰਸ ਪ੍ਰਧਾਨ ਸ਼ੁਭਮ ਸ਼ਰਮਾ ਨੂੰ ਨਵੀਂ ਜ਼ਿੰਮੇਵਾਰੀ ਸੰਭਾਲਣ ’ਤੇ ਵਧਾਈ ਦਿੱਤੀ ਅਤੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦੀ ਆਵਾਜ਼ ਨੂੰ ਮਜ਼ਬੂਤੀ ਨਾਲ ਬੁਲੰਦ ਕਰਨਾ ਯੂਥ ਕਾਂਗਰਸ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਾ ਨੌਜਵਾਨ ਬੇਰੁਜ਼ਗਾਰੀ, ਨਸ਼ਿਆਂ, ਸਿੱਖਿਆ, ਖੇਡਾਂ ਅਤੇ ਰੋਜ਼ਗਾਰ ਦੇ ਮੌਕਿਆਂ ਵਰਗੇ ਕਈ ਗੰਭੀਰ ਮੁੱਦਿਆਂ ਨਾਲ ਜੂਝ ਰਿਹਾ ਹੈ। ਇਨ੍ਹਾਂ ਮੁੱਦਿਆਂ ਨੂੰ ਲੈ ਕੇ ਯੂਥ ਕਾਂਗਰਸ ਨੂੰ ਪਿੰਡ ਪੱਧਰ ਤੋਂ ਲੈ ਕੇ ਸ਼ਹਿਰੀ ਵਾਰਡਾਂ ਤੱਕ ਸਰਗਰਮ ਭੂਮਿਕਾ ਨਿਭਾਉਣੀ ਹੋਵੇਗੀ। ਨਵੇਂ ਸੂਬਾ ਪ੍ਰਧਾਨ ਸ਼ੁਭਮ ਸ਼ਰਮਾ ਨੇ ਮੋਹਿਤ ਮਹਿੰਦਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਤਜਰਬੇ ਅਤੇ ਮਾਰਗਦਰਸ਼ਨ ਨਾਲ ਯੂਥ ਕਾਂਗਰਸ ਨੂੰ ਨਵੀਂ ਦਿਸ਼ਾ ਮਿਲੇਗੀ। ਉਨ੍ਹਾਂ ਕਿਹਾ ਕਿ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਕੇ ਹਰ ਨੌਜਵਾਨ ਤੱਕ ਪਹੁੰਚ ਬਣਾਈ ਜਾਵੇਗੀ ਅਤੇ ਪੰਜਾਬ ਦੇ ਹੱਕਾਂ ਲਈ ਡਟ ਕੇ ਸੰਘਰਸ਼ ਕੀਤਾ ਜਾਵੇਗਾ।