ਮੋਗਾ : ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਉੱਤੇ ਜ਼ਿਲ੍ਹਾ ਮੋਗਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਬੀਕੇਯੂ ਏਕਤਾ ਅਜ਼ਾਦ, ਬੀਕੇਯੂ ਬਹਿਰਾਮ ਕੇ ਅਤੇ ਬੀਕੇਯੂ ਕ੍ਰਾਂਤੀਕਾਰੀ ਦੇ ਸੈਂਕੜੇ ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਨੇ ਭਾਰਤ-ਅਮਰੀਕਾ ਫ੍ਰੀ ਟ੍ਰੇਡ ਸਮਝੌਤੇ ਦੇ ਵਿਰੋਧ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫੂਕ ਕੇ ਜ਼ੋਰਦਾਰ ਮੁਜ਼ਾਹਰਾ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੋਗਾ, ਲਖਵੀਰ ਸਿੰਘ ਦੋਧਰ ਬੀਕੇਯੂ ਏਕਤਾ ਅਜ਼ਾਦ, ਗੁਰਲਾਲ ਸਿੰਘ ਗੋਲੇਵਾਲਾ ਸੂਬਾ ਖ਼ਜ਼ਾਨਚੀ ਬੀਕੇਯੂ ਕ੍ਰਾਂਤੀਕਾਰੀ, ਗੁਰਮੇਲ ਸਿੰਘ ਸੂਬਾ ਸਕੱਤਰ ਬੀਕੇਯੂ ਬਹਿਰਾਮ ਕੇ ਨੇ ਕਿਹਾ ਕਿ ਭਾਰਤ-ਅਮਰੀਕਾ ਫ੍ਰੀ ਟ੍ਰੇਡ ਸਮਝੌਤਾ ਦੇਸ਼ ਦੇ ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ ਅਤੇ ਆਮ ਲੋਕਾਂ ਦੇ ਹਿੱਤਾਂ ਦੇ ਉਲਟ ਹੈ। ਇਸ ਨਾਲ ਖੇਤੀ ਲਾਗਤ ਅਤੇ ਕਰਜ਼ੇ ਦਾ ਬੋਝ ਵਧੇਗਾ ਅਤੇ ਪੇਂਡੂ ਆਰਥਿਕਤਾ ਨੂੰ ਵੱਡਾ ਝਟਕਾ ਲੱਗੇਗਾ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਭਾਰਤ-ਅਮਰੀਕਾ ਫ੍ਰੀ ਟ੍ਰੇਡ ਸਮਝੌਤੇ ਨੂੰ ਲੋਕ ਵਿਰੋਧੀ ਸ਼ਰਤਾਂ ਨਾਲ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਬੀਬੀਆਂ ਨੇ ਸ਼ਮੂਲੀਅਤ ਕਰਕੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਭਾਰਤ-ਅਮਰੀਕਾ ਫ੍ਰੀ ਟ੍ਰੇਡ ਸਮਝੌਤੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ।