ਸਮਾਣਾ : ਨਗਰ ਕੌਂਸਲ ਸਮਾਣਾ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਅੱਜ ਉਪ ਮੰਡਲ ਮੈਜਿਸਟਰੇਟ ਮੈਡਮ ਰਿਚਾ ਗੋਇਲ ਦੀ ਪ੍ਰਧਾਨਗੀ ਹੇਠ ਅਮਨ-ਅਮਾਨ ਨਾਲ ਸੰਪੰਨ ਹੋਈ। ਇਸ ਚੋਣ ਪ੍ਰਕਿਰਿਆ ਦੌਰਾਨ ਸਰਬਸੰਮਤੀ ਨਾਲ ਕਪੂਰ ਚੰਦ ਬਾਂਸਲ ਨੂੰ ਨਗਰ ਕੌਂਸਲ ਸਮਾਣਾ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ। ਉਹਨਾਂ ਦੇ ਨਾਲ ਹੀ ਪਾਰਸ ਸ਼ਰਮਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਧਰਮਪਾਲ ਨਾਹਰ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਇਸ ਚੋਣ ਪ੍ਰਕਿਰਿਆ ਦੌਰਾਨ ਹਲਕੇ ਦੇ ਸਿਆਸੀ ਸਮੀਕਰਨ ਵੀ ਦੇਖਣ ਨੂੰ ਮਿਲੇ। ਚੋਣ ਦੌਰਾਨ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਦੂਜੇ ਪਾਸੇ, ਮੌਜੂਦਾ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ, ਮਾਰਕੀਟ ਕਮੇਟੀ ਸਮਾਣਾ ਦੇ ਮੌਜੂਦਾ ਚੇਅਰਮੈਨ ਬਲਕਾਰ ਸਿੰਘ ਅਤੇ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਦੇ ਕਈ ਹੋਰ ਸੀਨੀਅਰ ਆਗੂ ਇਸ ਪ੍ਰਕਿਰਿਆ ਤੋਂ ਗੈਰ-ਹਾਜ਼ਰ ਰਹੇ। ਇਸ ਤੋਂ ਇਲਾਵਾ, ਇੱਕ ਕੌਂਸਲਰ ਗੋਪਾਲ ਕ੍ਰਿਸ਼ਨ ਬਿੱਟੂ ਮੈਨੇਜਰ ਸਿਹਤ ਖ਼ਰਾਬ ਹੋਣ ਕਾਰਨ ਇਸ ਚੋਣ ਪ੍ਰਕਿਰਿਆ ਵਿੱਚ ਹਿੱਸਾ ਨਹੀਂ ਲੈ ਸਕੇ। ਇਸ ਦੌਰਾਨ ਸ਼ਹਿਰ ਦੇ ਬਾਜ਼ਾਰਾਂ ਵਿੱਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਥਾਂ-ਥਾਂ 'ਤੇ ਸ਼ਹਿਰ ਵਾਸੀਆਂ ਅਤੇ ਦੁਕਾਨਦਾਰਾਂ ਵੱਲੋਂ ਨਵੇਂ ਅਹੁਦੇਦਾਰਾਂ ਦਾ ਫੁੱਲਾਂ ਦੇ ਹਾਰ ਪਾ ਕੇ, ਗੁਲਦਸਤੇ ਭੇਂਟ ਕਰਕੇ ਅਤੇ ਲੱਡੂ ਵੰਡ ਕੇ ਜ਼ੋਰਦਾਰ ਸਵਾਗਤ ਕੀਤਾ ਗਿਆ। ਲੋਕਾਂ ਨੇ ਕਪੂਰ ਚੰਦ ਬਾਂਸਲ ਅਤੇ ਸਮੁੱਚੀ ਟੀਮ ਨੂੰ ਨਵੀਂ ਜ਼ਿੰਮੇਵਾਰੀ ਮਿਲਣ 'ਤੇ ਵਧਾਈਆਂ ਦਿੱਤੀਆਂ ਅਤੇ ਉਮੀਦ ਜਤਾਈ ਕਿ ਉਹ ਸ਼ਹਿਰ ਦੇ ਵਿਕਾਸ ਲਈ ਤਨਦੇਹੀ ਨਾਲ ਕੰਮ ਕਰਨਗੇ।