ਪਟਿਆਲਾ : ਇਤਿਹਾਸਕ ਬਾਰਾਂਦਰੀ ਗਾਰਡਨਜ਼ ਪਟਿਆਲਾ ਵਿਖੇ ਹੈਲਥ ਅਵੇਅਰਨੈਸ ਸੁਸਾਇਟੀ (ਰਜਿ.) ਅਤੇ ਯੋਗਾ ਪਰਿਵਾਰ ਗਰੁੱਪ ਵੱਲੋਂ ਸਾਂਝੇ ਤੌਰ 'ਤੇ ਅੰਤਰਰਾਸ਼ਟਰੀ ਯੋਗਾ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਫਿਰੋਜ਼ਪੁਰ ਦੇ ਰਜਿਸਟਰਾਰ ਡਾ. ਗਜ਼ਲ ਪ੍ਰੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਆਪਣੇ ਸੰਬੋਧਨ ਵਿੱਚ ਆਖਿਆ ਕਿ ਚੰਗੀ ਸਿਹਤ ਅਤੇ ਰੋਗਾਂ ਤੋਂ ਮੁਕਤ ਜੀਵਨ ਲਈ ਯੋਗ ਸਾਧਨਾ ਅਤੀ ਜ਼ਰੂਰੀ ਹੈ। ਸਮਾਗਮ ਦੀ ਪ੍ਰਧਾਨਗੀ ਐਨ.ਆਈ.ਐਸ. ਦੇ ਸਾਬਕਾ ਡਾਇਰੈਕਟਰ ਡਾ. ਜੀ.ਐਸ. ਆਨੰਦ ਅਤੇ ਨਰੈਣ ਬਾਲਾ ਨੇ ਕੀਤੀ, ਜਿਨ੍ਹਾਂ ਨੇ ਯੋਗ ਸਾਧਕਾਂ ਦੀ ਸ਼ਲਾਘਾ ਕਰਦਿਆਂ ਹੋਰਨਾਂ ਲੋਕਾਂ ਨੂੰ ਵੀ ਰੋਜ਼ਾਨਾ ਯੋਗਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸੇ ਦੌਰਾਨ ਵੈਲਨੈਸ ਹੈਲਥ ਕਲੱਬ ਵੱਲੋਂ ਸ੍ਰੀਮਤੀ ਮੀਨਾ ਪਵਾਰ ਵੀ ਆਪਣੀ ਟੀਮ ਸਮੇਤ ਪਹੁੰਚੇ, ਜਿਨ੍ਹਾਂ ਵੱਲੋਂ ਪਿਛਲੇ ਦਿਨੀਂ ਇੱਥੇ 5 ਦਿਨਾਂ ਦਾ ਮੈਡੀਕਲ ਕੈਂਪ ਲਗਾਇਆ ਗਿਆ ਸੀ। ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਕੌਲੀ ਨੇ ਦੱਸਿਆ ਕਿ ਬਾਰਾਂਦਰੀ ਗਾਰਡਨ ਵਿੱਚ ਪਿਛਲੇ 11 ਸਾਲਾਂ ਤੋਂ ਲਗਾਤਾਰ ਸਵੇਰੇ 5:30 ਤੋਂ 7:00 ਵਜੇ ਤੱਕ ਮੁਫ਼ਤ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਸ ਪੂਰੇ ਪ੍ਰਬੰਧ ਦੀ ਨਿਗਰਾਨੀ ਜਨਰਲ ਸਕੱਤਰ ਐਡਵੋਕੇਟ ਤਾਰਾ ਸਿੰਘ ਭਮਰਾ ਅਤੇ ਮੀਤ ਪ੍ਰਧਾਨ ਰਣਜੀਤ ਕੌਰ ਵੱਲੋਂ ਕੀਤੀ ਜਾ ਰਹੀ ਹੈ।