ਪਟਿਆਲਾ : ਪਟਿਆਲਾ ਜ਼ਿਲ੍ਹਾ ਯੂਥ ਕਾਂਗਰਸ ਦੀਆਂ ਚੋਣਾਂ ਵਿੱਚ ਸਾਬਕਾ ਵਿਧਾਇਕ ਮੋਹਿਤ ਮਹਿੰਦਰਾ ਦੀ ਅਗਵਾਈ ਹੇਠ ਉਨ੍ਹਾਂ ਦੇ ਧੜੇ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਸ ਜਿੱਤ ਤੋਂ ਬਾਅਦ ਮੋਹਿਤ ਮਹਿੰਦਰਾ ਦੀ ਰਿਹਾਇਸ਼ ਵਿਖੇ ਨਵੀਂ ਚੁਣੀ ਗਈ ਯੂਥ ਕਾਂਗਰਸ ਟੀਮ ਦਾ ਸਵਾਗਤ ਕੀਤਾ ਗਿਆ, ਜਿੱਥੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਜਿੱਤ ਦਾ ਜਸ਼ਨ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਕਾਂਗਰਸੀ ਆਗੂ ਅਨਿਲ ਮੌਦਗਿਲ ਬਲਾਕ ਵਾਈਸ ਪ੍ਰਧਾਨ, ਰਿਚੀ ਡਾਕਲਾ ਸੀਨੀਅਰ ਕਾਂਗਰਸੀ ਆਗੂ ਹਾਜ਼ਰ ਰਹੇ। ਇਸ ਮੌਕੇ ਮੋਹਿਤ ਮਹਿੰਦਰਾ ਨੇ ਕਿਹਾ ਕਿ ਇਹ ਜਿੱਤ ਕਿਸੇ ਇਕ ਵਿਅਕਤੀ ਦੀ ਨਹੀਂ ਸਗੋਂ ਪਟਿਆਲਾ ਦੇ ਨੌਜਵਾਨਾਂ ਦੀ ਜਿੱਤ ਹੈ, ਜਿਨ੍ਹਾਂ ਨੇ ਯੂਥ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਆਪਣਾ ਪੂਰਾ ਸਹਿਯੋਗ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਵੀਂ ਟੀਮ ਪਾਰਟੀ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਨਾਲ-ਨਾਲ ਨੌਜਵਾਨਾਂ ਦੇ ਮੁੱਦਿਆਂ ਨੂੰ ਪਹਿਲ ਦੇ ਆਧਾਰ 'ਤੇ ਉਠਾਏਗੀ। ਚੋਣਾਂ ਵਿੱਚ ਜਿਮੀ ਗੁਪਤਾ ਨੇ ਆਪਣੇ ਵਿਰੋਧੀ ਉਮੀਦਵਾਰ ਨੂੰ ਇੱਕ ਹਜ਼ਾਰ ਤੋਂ ਵੱਧ ਵੋਟਾਂ ਦੇ ਵੱਡੇ ਫਰਕ ਨਾਲ ਹਰਾਕੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਤੋਂ ਇਲਾਵਾ ਵਿਕਾਸ ਅਤੇ ਰਿਸ਼ਭ ਨੂੰ ਜਨਰਲ ਸਕੱਤਰ ਵਜੋਂ ਚੁਣਿਆ ਗਿਆ ਹੈ। ਮੋਹਿਤ ਮਹਿੰਦਰਾ ਨੇ ਕਿਹਾ ਕਿ ਪਟਿਆਲਾ ਦਿਹਾਤੀ ਹਲਕੇ ਤੋਂ ਕਰਨ ਸੈਣੀ ਨੂੰ ਵਾਈਸ ਪ੍ਰਧਾਨ ਬਣਾਇਆ ਗਿਆ ਹੈ, ਜਦਕਿ ਪਟਿਆਲਾ ਸ਼ਹਿਰੀ ਹਲਕੇ ਤੋਂ ਮੋਹਿਤ ਜੋਸ਼ੀ ਨੇ ਵਾਈਸ ਪ੍ਰਧਾਨ ਦੇ ਅਹੁਦੇ 'ਤੇ ਜਿੱਤ ਹਾਸਲ ਕਰਕੇ ਆਪਣੀ ਮਜ਼ਬੂਤ ਪਕੜ ਸਾਬਤ ਕੀਤੀ ਹੈ। ਉਨ੍ਹਾਂ ਕਿਹਾ ਕਿ ਪੂਰੀ ਟੀਮ ਨੌਜਵਾਨਾਂ ਦੀਆਂ ਉਮੀਦਾਂ 'ਤੇ ਖਰਾ ਉਤਰੇਗੀ ਅਤੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗੀ। ਮੋਹਿਤ ਮਹਿੰਦਰਾ ਨੇ ਅੱਗੇ ਕਿਹਾ ਕਿ ਯੂਥ ਕਾਂਗਰਸ ਹਮੇਸ਼ਾ ਹੀ ਨੌਜਵਾਨਾਂ ਦੀ ਆਵਾਜ਼ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਟੀਮ ਪਟਿਆਲਾ ਜ਼ਿਲ੍ਹੇ ਵਿੱਚ ਪਾਰਟੀ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾਵੇਗੀ। ਉਨ੍ਹਾਂ ਨਵੀਂ ਟੀਮ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਲੋਕਾਂ ਦੀ ਸੇਵਾ ਅਤੇ ਨੌਜਵਾਨਾਂ ਦੇ ਹੱਕਾਂ ਲਈ ਉਹ ਹਮੇਸ਼ਾ ਇਕਜੁੱਟ ਹੋ ਕੇ ਕੰਮ ਕਰਨਗੇ। ਇਸ ਮੌਕੇ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨ ਪਟਿਆਲਾ ਸ਼ਹਿਰੀ ਜੋਗੇਸ਼ ਗੁਪਤਾ (ਜਿੰਮੀ) ਸੂਬਾ ਸਕੱਤਰ ਪੰਜਾਬ ਯੂਥ ਕਾਂਗਰਸ ਵਿਕਾਸ ਗਿੱਲ, ਜ਼ਿਲ੍ਹਾ ਜਨਰਲ ਸਕੱਤਰ ਰਿਸ਼ਵ ਸ਼ਰਮਾ (ਪਹਿਲਾ ਸਥਾਨ), ਜ਼ਿਲ੍ਹਾ ਜਨਰਲ ਸਕੱਤਰ ਮੋਹਿਤ ਜੋਸ਼ੀ, ਉਪ ਪ੍ਰਧਾਨ, ਵਿਧਾਨ ਸਭਾ ਪਟਿਆਲਾ ਸ਼ਹਿਰੀ ਮੋਹਿਤ ਸ਼ਰਮਾ,ਉਪ ਪ੍ਰਧਾਨ ਵਿਧਾਨ ਸਭਾ ਪਟਿਆਲਾ ਦਿਹਾਤੀ ਕਰਨਵੀਰ ਸੈਣੀ, ਜਨਰਲ ਸਕੱਤਰ ਵਿਧਾਨ ਸਭਾ ਪਟਿਆਲਾ ਸ਼ਹਿਰੀ ਵਰੁਣ ਗਰਗ, ਜਨਰਲ ਸਕੱਤਰ, ਵਿਧਾਨ ਸਭਾ ਪਟਿਆਲਾ ਸ਼ਹਿਰੀ ਗੌਰਵ ਵਰਮਾ, ਬਲਾਕ ਪ੍ਰਧਾਨ, ਵਿਧਾਨ ਸਭਾ ਪਟਿਆਲਾ ਸ਼ਹਿਰੀ ਗੌਤਮ ਸਲੂਜਾ, ਬਲਾਕ ਉਪ ਪ੍ਰਧਾਨ ਵਿਧਾਨ ਸਭਾ ਪਟਿਆਲਾ ਦਿਹਾਤੀ ਸਾਹਿਲ ਭਾਰਦਵਾਜ ਨੂੰ ਸਨਮਾਨਿਤ ਕੀਤਾ ਗਿਆ. ਇਸ ਮੌਕੇ ਵੱਡੀ ਗਿਣਤੀ ਵਿੱਚ ਹੋਰ ਕਾਂਗਰਸੀ ਆਗੂ, ਯੂਥ ਕਾਂਗਰਸ ਵਰਕਰ ਅਤੇ ਸਮਰਥਕ ਮੌਜੂਦ ਸਨ, ਜਿਨ੍ਹਾਂ ਨੇ ਨਵੀਂ ਟੀਮ ਨੂੰ ਵਧਾਈ ਦਿੱਤੀ ਅਤੇ ਮੋਹਿਤ ਮਹਿੰਦਰਾ ਦੀ ਅਗਵਾਈ 'ਤੇ ਪੂਰਾ ਭਰੋਸਾ ਜਤਾਇਆ।