ਮੋਹਾਲੀ : ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਮੋਹਾਲੀ ਵੱਲੋਂ ਸ਼ਹੀਦ ਭਗਤ ਸਿੰਘ ਨੇਚਰ ਪਾਰਕ, ਮੋਹਾਲੀ ਵਿਖੇ ਆਯੋਜਿਤ 12ਵੇਂ ਸਮਰ ਕੈਂਪ ਦਾ ਅੱਜ ਸ਼ਾਨਦਾਰ ਸਮਾਪਤੀ ਸਮਾਰੋਹ ਕਰਵਾਇਆ ਗਿਆ। ਇਹ ਕੈਂਪ ਸ੍ਰੀ ਸਵਰਨ ਸਿੰਘ (ਸੀਨੀਅਰ ਕੋਚ), ਸ੍ਰੀ ਮਲਕੀਤ ਸਿੰਘ (ਪ੍ਰਧਾਨ, ਅਥਲੈਟਿਕਸ ਐਸੋਸੀਏਸ਼ਨ ਮੋਹਾਲੀ), ਸ੍ਰੀ ਗੁਰਿੰਦਰ ਸਿੰਘ ਢੇਸੀ (ਕੋਚ), ਡਾ. ਹਰਿੰਦਰਜੀਤ ਸਿੰਘ, ਸ੍ਰੀ ਹਰਕੰਵਲ ਸਿੰਘ (ਕੋਚ, ਸਪੋਰਟਸ ਅਥਾਰਟੀ ਆਫ਼ ਇੰਡੀਆ) ਅਤੇ ਮਨਦੀਪ ਕੌਰ (ਕੋਚ) ਦੀ ਦੇਖ-ਰੇਖ ਹੇਠ ਲਗਾਇਆ ਗਿਆ। ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਮੋਹਾਲੀ ਮਿਊਂਸੀਪਲ ਕਾਰਪੋਰੇਸ਼ਨ ਦੇ ਨਵ-ਨਿਯੁਕਤ ਮੇਅਰ ਸ੍ਰੀ ਸਰਬਜੀਤ ਸਿੰਘ ਨੇ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਬੱਚਿਆਂ ਨੂੰ ਖੇਡਾਂ ਨਾਲ ਜੁੜਨ, ਨਸ਼ਿਆਂ ਤੋਂ ਦੂਰ ਰਹਿਣ, ਮਾਪਿਆਂ ਦਾ ਸਤਿਕਾਰ ਕਰਨ ਅਤੇ ਪੰਜਾਬ ਦਾ ਨਾਮ ਵਿਸ਼ਵ ਪੱਧਰ ‘ਤੇ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਮੇਅਰ ਸ੍ਰੀ ਸਰਬਜੀਤ ਸਿੰਘ ਨੇ ਐਸੋਸੀਏਸ਼ਨ ਦੀਆਂ ਖੇਡ ਗਤੀਵਿਧੀਆਂ ਦੀ ਸ਼ਲਾਘਾ ਕਰਦਿਆਂ 21,000 ਰੁਪਏ ਦੀ ਨਕਦ ਸਹਾਇਤਾ ਭੇਟ ਕੀਤੀ। ਐਸੋਸੀਏਸ਼ਨ ਦੇ ਸਕੱਤਰ ਸ੍ਰੀ ਐਸ.ਏ.ਐਸ. ਕੌਰਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਐਸੋਸੀਏਸ਼ਨ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਐਸੋਸੀਏਸ਼ਨ ਵੱਲੋਂ ਮੇਅਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ, ਜਿਸ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਮੇਅਰ ਵੱਲੋਂ ਦਿੱਤਾ ਗਿਆ। ਸ੍ਰੀ ਪਰਮਦੀਪ ਸਿੰਘ ਬੈਦਵਾਣ ਨੇ ਐਸੋਸੀਏਸ਼ਨ ਦੀਆਂ ਲਗਾਤਾਰ ਪ੍ਰਾਪਤੀਆਂ ‘ਤੇ ਚਾਨਣਾ ਪਾਇਆ। ਸਮਰ ਕੈਂਪ ਦੌਰਾਨ ਬੱਚਿਆਂ ਨੂੰ ਸਿਖਲਾਈ ਦੇਣ ਵਾਲੇ ਕੋਚਾਂ ਨੂੰ ਮਾਪਿਆਂ ਵੱਲੋਂ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਮੰਚ ਸੰਚਾਲਨ ਸ੍ਰੀ ਰਾਮ ਕੁਮਾਰ, ਸ੍ਰੀ ਸੰਦੀਪ ਸਿੰਘ ਸੰਧੂ ਅਤੇ ਸ੍ਰੀ ਪਰਮਦੀਪ ਸਿੰਘ ਬੈਦਵਾਣ ਵੱਲੋਂ ਸਾਂਝੇ ਤੌਰ ‘ਤੇ ਕੀਤਾ ਗਿਆ।