ਸੁਨਾਮ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਬਾਂਸਲ ਨੂੰ ਨਗਰ ਕੌਂਸਲ ਸੁਨਾਮ ਊਧਮ ਸਿੰਘ ਵਾਲਾ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ, ਯਾਦਵਿੰਦਰ ਸਿੰਘ ਨਿਰਮਾਣ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਮੀਨਾ ਰਾਣੀ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਮੰਗਲਵਾਰ ਦੁਪਹਿਰ ਬਾਅਦ ਨਗਰ ਕੌਂਸਲ ਦਫ਼ਤਰ ਸੁਨਾਮ ਵਿਖੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਨ ਲਈ ਸੱਦੀ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨਪ੍ਰੀਤ ਬਾਂਸਲ ਨੂੰ ਨਗਰ ਕੌਂਸਲ ਸੁਨਾਮ ਦਾ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਜਦਕਿ ਯਾਦਵਿੰਦਰ ਸਿੰਘ ਨਿਰਮਾਣ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਮੀਨਾ ਰਾਣੀ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਮੀਟਿੰਗ ਵਿੱਚ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਹਾਜ਼ਰ ਹੋਏ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਸੁਨਾਮ ਅਤੇ ਲੌਂਗੋਵਾਲ ਨਗਰ ਕੌਂਸਲ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰ ਸਰਬਸੰਮਤੀ ਨਾਲ ਚੁਣੇ ਗਏ ਹਨ। ਉਨ੍ਹਾਂ ਨਵੇਂ ਚੁਣੇ ਅਹੁਦੇਦਾਰ ਅਤੇ ਕੌਂਸਲਰਾਂ ਦੇ ਸਾਹਮਣੇ ਚਿਤਾਵਨੀ ਭਰੇ ਲਹਿਜੇ ਵਿੱਚ ਆਖਿਆ ਕਿ ਨਗਰ ਕੌਂਸਲ ਦੇ ਕੰਮਾਂ ਵਿੱਚ ਰਿਸ਼ਵਤ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਜੇਕਰ ਅਜਿਹਾ ਕੋਈ ਮਾਮਲਾ ਸਾਹਮਣੇ ਆਇਆ ਤਾਂ ਉਸ ਤੋਂ ਤੁਰੰਤ ਅਸਤੀਫ਼ਾ ਲੈ ਲਿਆ ਜਾਵੇਗਾ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਵਿਕਾਸ ਕਾਰਜਾਂ ਦੀ ਗੱਲ ਕਰਦਿਆਂ ਆਖਿਆ ਕਿ ਸ਼ਹੀਦ ਊਧਮ ਸਿੰਘ ਜੀ ਦੀ ਜਨਮ ਭੂਮੀ ਦੀ ਕਾਇਆ ਕਲਪ ਕਰਨ ਲਈ ਯਤਨ ਜਾਰੀ ਹਨ। ਸੁਨਾਮ ਸ਼ਹਿਰ ਵਿੱਚ ਅਨੇਕਾਂ ਪ੍ਰਾਜੈਕਟ ਨਿਰਮਾਣ ਅਧੀਨ ਹਨ ਭਵਿੱਖ ਵਿੱਚ ਇਸ ਰਫ਼ਤਾਰ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸਰਪੰਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ, ਅਮਰੀਕ ਸਿੰਘ ਧਾਲੀਵਾਲ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਾਹਿਬ ਸਿੰਘ, ਭਾਨੂੰ ਰੈਗਰ ਸਮੇਤ ਹੋਰ ਆਗੂ ਹਾਜ਼ਰ ਸਨ।