ਪਟਿਆਲਾ : ਸਰੀਰਕ, ਮਾਨਸਿਕ ਅਤੇ ਆਤਮਿਕ ਸਿਹਤ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ, ਜ਼ਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ, ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਪੁਲਿਸ, ਸਿਵਲ ਸਰਜਨ ਦਫ਼ਤਰ ਦੇ ਸਹਿਯੋਗ ਨਾਲ ਨਹਿਰੂ ਪਾਰਕ ਪਟਿਆਲਾ ਵਿਖੇ ਵਿਸ਼ਾਲ ਯੋਗਾ ਸਮਾਗਮ ਅਤੇ ਗਰੀਨ ਪਟਿਆਲਾ-ਕਲੀਨ ਪਟਿਆਲਾ ਮੁਹਿੰਮ ਤਹਿਤ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਸਾਲ ਦਾ ਵਿਸ਼ਵ ਪੱਧਰੀ ਥੀਮ ‘ਇੱਕ ਧਰਤੀ, ਇੱਕ ਸਿਹਤ ਲਈ ਯੋਗਾ’ ਰੱਖਿਆ ਗਿਆ ਹੈ, ਜੋ ਮਨੁੱਖ ਅਤੇ ਕੁਦਰਤ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦਿੰਦਾ ਹੈ। ਸਵੇਰੇ 6 ਵਜੇ ਸ਼ੁਰੂ ਹੋਏ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਮੇਅਰ ਪਟਿਆਲਾ ਕੁੰਦਨ ਗੋਗੀਆ ਸ਼ਾਮਲ ਹੋਏ। ਪ੍ਰੋਗਰਾਮ ਦਾ ਉਦਘਾਟਨ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਅਤੇ ਸੁਖਜਿੰਦਰ ਸਿੰਘ ਬਾਜਵਾ ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਪਟਿਆਲਾ ਪੁਲਿਸ ਵੱਲੋਂ ਕੀਤਾ ਗਿਆ। ਸਮਾਗਮ ਦੌਰਾਨ ਪਟਿਆਲਾ ਸ਼ਹਿਰ ਦੇ ਵੱਖ-ਵੱਖ ਪਾਰਕਾਂ ਦੀ ਸਾਫ਼-ਸਫ਼ਾਈ ਅਤੇ ਸਾਂਭ-ਸੰਭਾਲ ਲਈ ਪਹਿਲਾ ਸਥਾਨ ਹਾਊਸਿੰਗ ਬੋਰਡ ਵੈਲਫੇਅਰ ਐਸੋਸੀਏਸ਼ਨ ਅਰਬਨ ਅਸਟੇਟ, ਦੂਜਾ ਸਥਾਨ ‘ਮੇਰਾ ਪਟਿਆਲਾ ਮੈਂ ਸਵਾਰਾਂ’ ਅਤੇ ਤੀਜਾ ਸਥਾਨ ਰਾਮ ਸਰੂਪ ਗੋਇਲ ਯਾਦਗਾਰੀ ਪਾਰਕ ਭਾਰਤ ਵਿਕਾਸ ਪ੍ਰੀਸ਼ਦ ਨੇ ਹਾਸਲ ਕੀਤਾ, ਜਿਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।