ਨਵਾਂਸ਼ਹਿਰ : ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ' ਵੱਲੋਂ 'ਖਾਲਸਾ ਰਿਗੇਲੀਆ ਟਰਬਨ ਟ੍ਰੇਨਿੰਗ ਸੈਂਟਰ' ਦੇ ਸਹਿਯੋਗ ਨਾਲ ਅਤੇ ਗੁ : ਮੰਜੀ ਸਾਹਿਬ ਜੀ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਨਰੰਗ ਸਿੰਘ ਜੀ ਦੀ ਰਹਿਨੁਮਾਈ ਹੇਠ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ, ਬੰਗਾ ਰੋਡ, ਨਵਾਂਸ਼ਹਿਰ ਵਿਖੇ 19 ਜੂਨ ਤੋਂ 30 ਜੂਨ ਤੱਕ ਇੱਕ ਵਿਸ਼ੇਸ਼ ਦਸਤਾਰ, ਦੁਮਾਲਾ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਰੇਸ਼ਮ ਸਿੰਘ ਜੀ ਨੇ ਦੱਸਿਆ 'ਲੱਗਣ ਵਾਲੇ ਇਸ ਕੈਂਪ ਵਿੱਚ ਰੋਜ਼ਾਨਾ 30 ਜੂਨ ਤੱਕ ਸ਼ਾਮ 5 ਵਜੇ ਤੋਂ 7 ਵਜੇ ਤੱਕ ਪ੍ਰਸਿੱਧ ਟਰਬਨ ਕੋਚ ਸ. ਹਰਜੱਸ ਸਿੰਘ ਅਤੇ ਸਹਿਜਵੀਰ ਸਿੰਘ ਬੱਚਿਆਂ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਸੁੰਦਰ ਦਸਤਾਰ ਅਤੇ ਦੁਮਾਲਾ ਸਜਾਉਣ ਦੇ ਗੁਰ ਸਿਖਾਉਣਗੇ। ਦਸਵੇਂ ਗੁਰੂ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਹਰ ਸਿੱਖ ਲਈ ਦਸਤਾਰ ਸਜਾਉਣੀ ਲਾਜ਼ਮੀ ਕੀਤੀ ਸੀ ਤਾਂ ਜੋ ਉਹ ਲੱਖਾਂ ਵਿੱਚ ਵੀ ਵੱਖਰਾ ਨਜ਼ਰ ਆਵੇ। ਦਸਤਾਰ ਸਿੱਖਾਂ ਦੇ ਪਵਿੱਤਰ ਕੇਸਾਂ ਦੀ ਰੱਖਿਆ ਕਰਦੀ ਹੈ ਅਤੇ ਸਮਾਜ ਵਿੱਚ ਬਰਾਬਰੀ, ਨਿਆਂ ਅਤੇ ਜ਼ਿੰਮੇਵਾਰੀ ਦਾ ਸੁਨੇਹਾ ਦਿੰਦੀ ਹੈ। ਚਾਹੇ ਕੋਈ ਵੀ ਖੁਸ਼ੀ ਦਾ ਮੌਕਾ ਹੋਵੇ ਜਾਂ ਦੁੱਖ ਦਾ, ਦਸਤਾਰ ਹਮੇਸ਼ਾ ਸਿੱਖ ਦੇ ਸਿਰ ਦਾ ਮਾਣ ਵਧਾਉਂਦੀ ਹੈ ਅਤੇ ਇਸ ਨੂੰ ਬੰਨ੍ਹਣ ਵਾਲਾ ਵਿਅਕਤੀ ਹਮੇਸ਼ਾ ਗੁਰੂ ਦੇ ਹੁਕਮ ਵਿੱਚ ਰਹਿਣ ਦਾ ਪ੍ਰਣ ਕਰਦਾ ਹੈ। ਦਸਤਾਰ ਕੋਚ ਹਰਜੱਸ ਸਿੰਘ ਵੱਲੋਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਬੱਚਿਆਂ ਨੂੰ ਇਸ ਕੈਂਪ ਵਿੱਚ ਜ਼ਰੂਰ ਭੇਜਣ ਅਤੇ ਬੱਚੇ ਕੈਂਪ ਵਿੱਚ ਆਉਣ ਸਮੇਂ ਆਪਣੇ ਨਾਲ ਦਸਤਾਰ, ਕੰਘਾ, ਸ਼ੀਸ਼ਾ ਤੇ ਬਾਜ਼ ਜ਼ਰੂਰ ਲੈਕੇ ਆਉਣ।