ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਵਿੱਚ ਹੋਏ ਇੱਕ ਖੋਜ ਕਾਰਜ ਰਾਹੀਂ ਪੰਜਾਬ ਦੇ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਪੜ੍ਹਨ ਦੇ ਹੁਨਰ ਅਤੇ ਇਸ ਨੂੰ ਪ੍ਰਭਾਵਿਤ ਕਰਨ ਵਾਲ਼ੇ ਮੁੱਖ ਕਾਰਕਾਂ 'ਤੇ ਚਾਨਣਾ ਪਾਇਆ ਗਿਆ ਹੈ। ਖੋਜਾਰਥੀ ਡਾ. ਸੁਖਰਾਜ ਸਿੰਘ ਵੱਲੋਂ ਇਹ ਖੋਜ ਕਾਰਜ ਡਾ. ਜਗਪ੍ਰੀਤ ਕੌਰ ਦੀ ਨਿਗਰਾਨੀ ਹੇਠ ਕੀਤਾ ਗਿਆ। ਖੋਜਾਰਥੀ ਡਾ. ਸੁਖਰਾਜ ਸਿੰਘ ਨੇ ਦੱਸਿਆ ਕਿ ਇਨ੍ਹਾਂ ਨਤੀਜਿਆਂ ਦੇ ਅਧਾਰ 'ਤੇ ਸੁਝਾਇਆ ਗਿਆ ਹੈ ਕਿ ਹਰ ਸਕੂਲ ਦੀ ਲਾਇਬ੍ਰੇਰੀ ਵਿੱਚ ਬੁੱਕ-ਬੈਂਕ ਅਤੇ ਡਿਜੀਟਲ ਲਾਇਬ੍ਰੇਰੀ ਦੀ ਸਥਾਪਨਾ ਲਾਜ਼ਮੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਵਿਦਿਆਰਥੀ ਵੱਧ ਤੋਂ ਵੱਧ ਕਿਤਾਬਾਂ, ਮੈਗਜ਼ੀਨਾਂ ਅਤੇ ਅਖ਼ਬਾਰਾਂ ਨਾਲ਼ ਜੁੜ ਸਕਣ। ਉਨ੍ਹਾਂ ਕੌਮੀ ਸਿੱਖਿਆ ਨੀਤੀ (2020) ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਪੜ੍ਹਨ ਦੇ ਇਨ੍ਹਾਂ ਹੁਨਰਾਂ ਨੂੰ ਮੁਢਲੀ ਸਿੱਖਿਆ ਤੋਂ ਹੀ ਸ਼ੁਰੂ ਕਰ ਕੇ ਵਿਦਿਆਰਥੀ ਦੇ ਪੂਰੇ ਵਿਦਿਅਕ ਸਫ਼ਰ ਦੌਰਾਨ ਜਾਰੀ ਰੱਖਣਾ ਜ਼ਰੂਰੀ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਉਪਲਬਧੀ 'ਤੇ ਵਧਾਈ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਹਮੇਸ਼ਾ ਹੀ ਦੇਸ਼ ਅਤੇ ਵਿਦੇਸ਼ ਵਿੱਚ ਸਿੱਖਿਆ ਪ੍ਰਣਾਲੀ ਦੇ ਸੁਧਾਰ ਲਈ ਕੀਤੇ ਜਾਣ ਵਾਲੇ ਅਜਿਹੇ ਖੋਜ ਕਾਰਜਾਂ ਲਈ ਜਾਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਗਲੋਬਲ ਪੱਧਰ 'ਤੇ ਵਿਦਿਅਕ ਨੀਤੀਆਂ ਅਤੇ ਅਮਲਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਅਜਿਹੇ ਅਧਿਐਨ ਬੇਹੱਦ ਮਹੱਤਵਪੂਰਨ ਅਤੇ ਲੋੜੀਂਦੇ ਹਨ।