ਖਨੌਰੀ : ਬਹੁਜਨ ਸਮਾਜ ਪਾਰਟੀ (ਬਸਪਾ) ਹਲਕਾ ਲਹਿਰਾ ਦੀ ਸੰਗਠਨਾਤਮਕ ਸਮੀਖਿਆ ਮੀਟਿੰਗ ਅੱਜ ਬੇਗਮਪੁਰਾ ਧਾਮ ਖਨੌਰੀ ਦੀ ਧਰਮਸ਼ਾਲਾ ਵਿਖੇ ਹੋਈ। ਮੀਟਿੰਗ ਵਿੱਚ ਸੂਬਾ ਜਨਰਲ ਸਕੱਤਰ ਡਾ. ਮੱਖਣ ਸਿੰਘ, ਲੋਕ ਸਭਾ ਸੰਗਰੂਰ ਦੇ ਇੰਚਾਰਜ ਇੰਜੀ. ਅਮਨ ਬੋਧ, ਜ਼ਿਲ੍ਹਾ ਪ੍ਰਧਾਨ ਸਤਿਗੁਰੂ ਸਿੰਘ ਮੱਟੂ, ਸੀਨੀਅਰ ਆਗੂ ਪਵਿੱਤਰ ਸਿੰਘ ਅਤੇ ਰਤਨ ਸਿੰਘ ਸੰਗਰੂਰ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਰਹੇ। ਮੀਟਿੰਗ ਦੌਰਾਨ ਹਲਕੇ ਅੰਦਰ ਬਸਪਾ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਅਤੇ “ਪੰਜਾਬ ਸੰਭਾਲੋ ਮੁਹਿੰਮ” ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਰਣਨੀਤੀ ਤਿਆਰ ਕੀਤੀ ਗਈ। ਇਸ ਮੌਕੇ ਡਾ. ਮੱਖਣ ਸਿੰਘ ਨੇ ਪਾਰਟੀ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਵੱਲੋਂ ਚਲਾਈ ਜਾ ਰਹੀ ਮੁਹਿੰਮ ਸਬੰਧੀ ਵਰਕਰਾਂ ਨੂੰ ਲਾਮਬੰਦ ਕਰਦਿਆਂ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ। ਡਾ. ਮੱਖਣ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 25 ਜੂਨ ਨੂੰ ਸੰਗਰੂਰ ਦੇ ਮਾਯੁਰ ਪੈਲਸ ਵਿਖੇ ਜ਼ਿਲ੍ਹਾ ਸੰਗਰੂਰ ਦੇ ਪੰਜਾਂ ਵਿਧਾਨ ਸਭਾ ਹਲਕਿਆਂ ਦੀ ਸੰਗਠਨ ਸਮੀਖਿਆ ਮੀਟਿੰਗ ਕਰਵਾਈ ਜਾਵੇਗੀ। ਇਸ ਮੀਟਿੰਗ ਵਿੱਚ ਮੁੱਖ ਕੇਂਦਰੀ ਇੰਚਾਰਜ ਅਤੇ ਰਾਜ ਸਭਾ ਮੈਂਬਰ ਰਾਮਜੀ ਗੌਤਮ, ਕੇਂਦਰੀ ਇੰਚਾਰਜ ਵਿਪੁਲ ਕੁਮਾਰ, ਪੰਜਾਬ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਅਤੇ ਸੂਬਾ ਇੰਚਾਰਜ ਅਜੀਤ ਸਿੰਘ ਭੈਣੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ। ਜ਼ਿਲ੍ਹਾ ਪ੍ਰਧਾਨ ਸਤਿਗੁਰੂ ਸਿੰਘ ਮੱਟੂ ਨੇ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਪਾਰਟੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਹਲਕਾ ਪ੍ਰਧਾਨ ਡਾ. ਰਾਜਕੁਮਾਰ ਜੱਸਲ ਨੇ ਮੀਟਿੰਗ ਵਿੱਚ ਸ਼ਾਮਲ ਹੋਏ ਸਾਰੇ ਅਹੁਦੇਦਾਰਾਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ।