ਅੰਮ੍ਰਿਤਸਰ : ਭਾਰਤ ਸੰਚਾਰ ਨਿਗਮ ਲਿਮਿਟੇਡ (ਬੀਐਸਐਨਐਲ) ਅੰਮ੍ਰਿਤਸਰ (ਓਪਰੇਸ਼ਨ ਏਰੀਆ) ਵੱਲੋਂ ਆਪਣੇ ਰਿਟੇਲ ਨੈੱਟਵਰਕ ਨੂੰ ਹੋਰ ਮਜ਼ਬੂਤ ਬਣਾਉਣ ਅਤੇ ਸਥਾਨਕ ਪੱਧਰ `ਤੇ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਡਾਇਰੈਕਟ ਸੇਲਿੰਗ ਏਜੰਟਾਂ (ਡੀਐਸਏ) ਦੀ ਨਾਮਾਂਕਣ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਤਹਿਤ ਸਥਾਨਕ ਦੁਕਾਨਦਾਰਾਂ, ਮੋਬਾਈਲ ਰਿਟੇਲਰਾਂ, ਕਾਮਨ ਸਰਵਿਸ ਸੈਂਟਰ (ਸੀਐਸਸੀ) ਆਪਰੇਟਰਾਂ ਅਤੇ ਉੱਦਮੀਆਂ ਨੂੰ ਬੀਐਸਐਨਐਲ ਨਾਲ ਜੁੜ ਕੇ ਆਪਣਾ ਕਾਰੋਬਾਰ ਵਧਾਉਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਬੀਐਸਐਨਐਲ ਦੇ ਸਵਦੇਸ਼ੀ 4ਜੀ ਨੈੱਟਵਰਕ ਦੇ ਤੇਜ਼ੀ ਨਾਲ ਹੋ ਰਹੇ ਵਿਸਥਾਰ ਦੇ ਮੱਦੇਨਜ਼ਰ ਡੀਐਸਏ ਬੀਐਸਐਨਐਲ ਦੇ ਸਿਮ ਕਾਰਡਾਂ ਦੀ ਵਿਕਰੀ, ਮੋਬਾਈਲ ਨੰਬਰ ਪੋਰਟੇਬਿਲਟੀ (ਐਮਐਨਪੀ) ਦੀ ਸਹੂਲਤ ਪ੍ਰਦਾਨ ਕਰਨ ਅਤੇ ਪ੍ਰੀਪੇਡ ਰੀਚਾਰਜ ਸੇਵਾਵਾਂ ਰਾਹੀਂ ਆਕਰਸ਼ਕ ਕਮਿਸ਼ਨ ਪ੍ਰਾਪਤ ਕਰ ਸਕਦੇ ਹਨ। ਬੀਐਸਐਨਐਲ ਨੇ ਇਸ ਪਹਿਲ ਨੂੰ ਸਥਾਨਕ ਪੱਧਰ `ਤੇ ਰੁਜ਼ਗਾਰ ਸਿਰਜਣ ਅਤੇ ਡਿਜੀਟਲ ਸੇਵਾਵਾਂ ਦੀ ਪਹੁੰਚ ਵਧਾਉਣ ਲਈ ਇੱਕ ਮਹੱਤਵਪੂਰਨ ਕਦਮ ਦੱਸਿਆ ਹੈ।ਬੀਐਸਐਨਐਲ ਦੇ ਜਨਰਲ ਮੈਨਜਰ ਸ੍ਰੀ ਅਨਿਲ ਕੁਮਾਰ ਗੌਤਮ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਲਚਸਪੀ ਰੱਖਣ ਵਾਲੇ ਬਿਨੈਕਾਰ ਆਪਣੇ ਨਜ਼ਦੀਕੀ ਬੀਐਸਐਨਐਲ ਦਫ਼ਤਰ ਜਾਂ ਗਾਹਕ ਸੇਵਾ ਕੇਂਦਰ (ਸੀਐਸਸੀ) ਵਿੱਚ ਜਾ ਕੇ ਡੀਐਸਏ ਵਜੋਂ ਨਾਮਾਂਕਣ ਕਰਵਾ ਸਕਦੇ ਹਨ ਅਤੇ ਬੀਐਸਐਨਐਲ ਦੇ ਵਧ ਰਹੇ ਨੈੱਟਵਰਕ ਦਾ ਹਿੱਸਾ ਬਣ ਸਕਦੇ ਹਨ। ਇਸ ਦੇ ਨਾਲ ਹੀ ਬੀਐਸਐਨਐਲ ਵੱਲੋਂ ਭਾਰਤਨੈੱਟ ਪ੍ਰੋਜੈਕਟ ਰਾਹੀਂ ਪੇਂਡੂ ਖੇਤਰਾਂ ਵਿੱਚ ਬ੍ਰਾਡਬੈਂਡ ਕਨੈਕਟੀਵਿਟੀ ਨੂੰ ਮਜ਼ਬੂਤ ਕਰਨ ਲਈ ਵੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਪੇਂਡੂ ਇਲਾਕਿਆਂ ਵਿੱਚ ਫਾਈਬਰ ਟੂ ਦ ਹੋਮ (ਐੱਫ.ਟੀ.ਟੀ.ਐੱਚ.) ਕਨੈਕਸ਼ਨਾਂ ਦੀ ਬੁਕਿੰਗ ਨੂੰ ਸੁਖਾਲਾ ਬਣਾਉਣ ਲਈ ਇੱਕ ਸਮਰਪਿਤ ਆਨਲਾਈਨ ਪੋਰਟਲ ਵੀ ਸ਼ੁਰੂ ਕੀਤਾ ਗਿਆ ਹੈ। ਇਸ ਯੋਜਨਾ ਅਧੀਨ ਭਾਰਤਨੈੱਟ ਗਾਹਕਾਂ ਨੂੰ ਡਬਲਿਊ.ਏ.ਵੀ.ਈ.ਐੱਸ. ਓ.ਟੀ.ਟੀ. ਸਮੱਗਰੀ ਅਤੇ 400 ਤੋਂ ਵੱਧ ਲਾਈਵ ਟੀਵੀ ਚੈਨਲਾਂ ਦੀ ਮੁਫ਼ਤ ਪਹੁੰਚ ਉਪਲਬਧ ਕਰਵਾਈ ਜਾ ਰਹੀ ਹੈ। ਬੀਐਸਐਨਐਲ ਵੱਲੋਂ ਸੀਮਤ ਸਮੇਂ ਲਈ ਡਿਸਕਨੈਕਟ ਹੋਏ ਬੀਐਨਯੂ ਨੰਬਰਾਂ ਨੂੰ ਮੁੜ ਚਾਲੂ ਕਰਵਾਉਣ ਲਈ ਵਿਸ਼ੇਸ਼ "ਘਰ ਵਾਪਸੀ ਯੋਜਨਾ" ਵੀ ਲਾਗੂ ਕੀਤੀ ਗਈ ਹੈ। ਇਸ ਤੋਂ ਇਲਾਵਾ ਗਾਹਕਾਂ ਲਈ ਕਈ ਆਕਰਸ਼ਕ ਐਡ-ਆਨ ਪਲਾਨ ਵੀ ਉਪਲਬਧ ਕਰਵਾਏ ਗਏ ਹਨ, ਜਿਸ ਨਾਲ ਉਨ੍ਹਾਂ ਨੂੰ ਮਨੋਰੰਜਨ ਅਤੇ ਡਿਜੀਟਲ ਸੇਵਾਵਾਂ ਦਾ ਵਧੀਆ ਤਜਰਬਾ ਮਿਲੇਗਾ। ਬੀਐਸਐਨਐਲ ਨੇ ਪੇਂਡੂ ਪੰਜਾਬ ਵਿੱਚ ਇੰਟਰਨੈੱਟ ਅਤੇ ਬ੍ਰਾਡਬੈਂਡ ਸੇਵਾਵਾਂ ਦੇ ਵਿਸਥਾਰ ਲਈ ਭਾਰਤਨੈੱਟ ਉਦਯੋਗੀਆਂ ਦੇ ਨਾਮਾਂਕਣ ਨੂੰ ਵੀ ਉਤਸ਼ਾਹਿਤ ਕੀਤਾ ਹੈ, ਜਿਸ ਨਾਲ ਸਥਾਨਕ ਨੌਜਵਾਨਾਂ ਅਤੇ ਉੱਦਮੀਆਂ ਲਈ ਨਵੇਂ ਸਵੈ-ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਡਿਜੀਟਲ ਇੰਡੀਆ ਦੇ ਸੁਪਨੇ ਨੂੰ ਹੋਰ ਮਜ਼ਬੂਤੀ ਮਿਲੇਗੀ। ਕਿਸੇ ਵੀ ਜਾਣਕਾਰੀ ਜਾਂ ਪੁੱਛਗਿੱਛ ਲਈ ਬੀਐਸਐਨਐਲ ਦੇ ਹੈਲਪਲਾਈਨ ਨੰਬਰ 99155-87000 `ਤੇ ਸੰਪਰਕ ਕੀਤਾ ਜਾ ਸਕਦਾ ਹੈ।