ਦੇਵੀਗੜ੍ਹ : ਹਲਕਾ ਸਨੌਰ ਦੇ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣ ਅਤੇ ਉਨ੍ਹਾਂ ਦੀ ਜ਼ਮੀਨੀ ਹਕੀਕਤ ਜਾਣਨ ਦੇ ਮਕਸਦ ਨਾਲ ਅੱਜ ਹਲਕਾ ਇੰਚਾਰਜ ਅਤੇ ਚੇਅਰਮੈਨ ਸਰਦਾਰ ਰਣਜੋਧ ਸਿੰਘ ਹਡਾਣਾ ਵੱਲੋਂ ਬਲਾਕ ਸੰਮਤੀ ਦਫ਼ਤਰ ਸਨੌਰ ਦੇ ਮੈਂਬਰਾਂ ਅਤੇ ਇਲਾਕੇ ਦੇ ਸਰਪੰਚਾਂ ਨਾਲ ਇੱਕ ਵਿਸ਼ੇਸ਼ ਅਤੇ ਅਹਿਮ ਮੀਟਿੰਗ ਕੀਤੀ ਗਈ। ਇਸ ਉੱਚ ਪੱਧਰੀ ਬੈਠਕ ਦੌਰਾਨ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਸਬੰਧੀ ਖੁੱਲ੍ਹ ਕੇ ਚਰਚਾ ਹੋਈ ਅਤੇ ਸ. ਹਡਾਣਾ ਨੇ ਸਮੂਹ ਮੈਂਬਰਾਂ ਤੇ ਸਰਪੰਚਾਂ ਪਾਸੋਂ ਕੰਮਾਂ ਦੀ ਸਹੀ ਤੇ ਪਾਰਦਰਸ਼ੀ ਪ੍ਰਗਤੀ ਰਿਪੋਰਟ ਮੰਗੀ। ਬੈਠਕ ਦੌਰਾਨ ਹਾਜ਼ਰ ਸਰਪੰਚਾਂ ਅਤੇ ਬਲਾਕ ਸੰਮਤੀ ਦੇ ਮੈਂਬਰਾਂ ਨੇ ਵੀ ਆਪਣੇ-ਆਪਣੇ ਇਲਾਕਿਆਂ ਨਾਲ ਸਬੰਧਿਤ ਸਮੱਸਿਆਵਾਂ, ਰੁਕੇ ਹੋਏ ਕੰਮਾਂ ਅਤੇ ਗਲੀਆਂ, ਨਾਲੀਆਂ, ਸੜਕਾਂ ਤੇ ਪੀਣ ਵਾਲੇ ਪਾਣੀ ਦੀਆਂ ਲੋੜਾਂ ਬਾਰੇ ਹਲਕਾ ਇੰਚਾਰਜ ਨੂੰ ਵਿਸਤਾਰ ਵਿੱਚ ਜਾਣੂ ਕਰਵਾਇਆ। ਸ. ਹਡਾਣਾ ਨੇ ਸਾਰਿਆਂ ਦੀਆਂ ਗੱਲਾਂ ਨੂੰ ਬੜੇ ਧਿਆਨ ਨਾਲ ਸੁਣਿਆ ਅਤੇ ਮੌਕੇ 'ਤੇ ਹੀ ਮੌਜੂਦ ਅਧਿਕਾਰੀਆਂ ਨੂੰ ਪਹਿਲ ਦੇ ਅਧਾਰ 'ਤੇ ਇਨ੍ਹਾਂ ਮੁਸ਼ਕਲਾਂ ਦਾ ਹੱਲ ਕਰਨ ਦੇ ਆਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਵਿਕਾਸ ਦੇ ਮਾਮਲੇ ਵਿੱਚ ਕਿਸੇ ਵੀ ਪਿੰਡ ਨਾਲ ਕੋਈ ਪੱਖਪਾਤ ਨਹੀਂ ਹੋਣ ਦਿੱਤਾ ਜਾਵੇਗਾ। ਚੇਅਰਮੈਨ ਹਡਾਣਾ ਨੇ ਕਿਹਾ ਕਿ 'ਆਮ ਆਦਮੀ ਪਾਰਟੀ' ਦੀ ਸਰਕਾਰ ਭ੍ਰਿਸ਼ਟਾਚਾਰ ਮੁਕਤ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ। ਪਿੰਡਾਂ ਵਿੱਚ ਹੋ ਰਹੇ ਨਿਰਮਾਣ ਕਾਰਜਾਂ ਵਿੱਚ ਮਟੀਰੀਅਲ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਵਿਕਾਸ ਕਾਰਜਾਂ ਦੀ ਰਿਪੋਰਟ ਵਿੱਚ ਕੋਈ ਗੜਬੜੀ ਪਾਈ ਗਈ ਤਾਂ ਸਬੰਧਿਤ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।