ਭਾਜਪਾ ਇੱਕ ਤੇ ਤਿੰਨ ਅਜ਼ਾਦ ਉਮੀਦਵਾਰ ਵੀ ਜਿੱਤੇ
ਸੁਨਾਮ : ਨਗਰ ਕੌਂਸਲ ਸੁਨਾਮ ਦੀਆਂ ਹੋਈਆਂ ਚੋਣਾਂ ਦੇ ਸ਼ੁੱਕਰਵਾਰ ਨੂੰ ਆਏ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ਼ ਕੀਤੀ ਹੈ। " ਆਪ" , ਦੇ 23 ਮੈਂਬਰੀ ਨਗਰ ਕੌਂਸਲ ਵਿੱਚ 19 ਵਾਰਡਾਂ ਵਿੱਚ ਉਮੀਦਵਾਰ ਜੇਤੂ ਰਹੇ ਜਦਕਿ ਇੱਕ ਵਾਰਡ ਵਿੱਚ ਭਾਜਪਾ ਅਤੇ ਤਿੰਨ ਵਾਰਡਾਂ ਚ ਅਜ਼ਾਦ ਉਮੀਦਵਾਰ ਜਿੱਤੇ। ਦੱਸ ਦੇਈਏ ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਦੇ ਗੁਰਤੇਗ ਸਿੰਘ ਨਿੱਕਾ ਅਤੇ ਵਾਰਡ ਨੰਬਰ 6 ਤੋਂ ਵਰੁਣ ਮਧਾਨ ਮੋਂਟੀ ਬਿਨਾਂ ਮੁਕਾਬਲਾ ਜੇਤੂ ਰਹੇ ਸਨ। ਇਕੱਤਰ ਜਾਣਕਾਰੀ ਅਨੁਸਾਰ ਅੱਜ ਵੋਟਾਂ ਦੀ ਗਿਣਤੀ ਵਿੱਚ ਭਾਜਪਾ ਦੀ ਜੇਤੂ ਉਮੀਦਵਾਰ ਮੋਨਿਕਾ ਗੋਇਲ ਨੇ ਵਾਰਡ ਨੰਬਰ 17 ਵਿੱਚ ਆਮ ਆਦਮੀ ਪਾਰਟੀ ਦੀ ਉਮੀਦਵਾਰ ਦੀਪਿਕਾ ਗੋਇਲ ਨੂੰ ਹਰਾਇਆ ਜਦਕਿ ਵਾਰਡ ਨੰਬਰ 10 ਤੋਂ ਪੁਨਰ ਸੁਰਜੀਤ ਅਕਾਲੀ ਦਲ ਦੀ ਢੀਂਡਸਾ ਸਮਰਥਕ ਰਾਜਿੰਦਰ ਕੌਰ ਨੇ ਆਮ ਆਦਮੀ ਪਾਰਟੀ ਦੇ ਹਰਵਿੰਦਰ ਸਿੰਘ ਨਾਮਧਾਰੀ, ਵਾਰਡ ਨੰਬਰ 15 ਤੋਂ ਭਾਜਪਾ ਸਮਰਥਕ ਅਜ਼ਾਦ ਉਮੀਦਵਾਰ ਮੀਨਾ ਰਾਣੀ ਨੇ ਆਮ ਆਦਮੀ ਪਾਰਟੀ ਦੀ ਨਿਰਮਲਾ ਰਾਣੀ ਨੂੰ ਹਰਾਇਆ। ਸੁਨਾਮ ਸ਼ਹਿਰ ਦੇ ਬਹੁ ਚਰਚਿਤ ਵਾਰਡ 21 ਵਿੱਚ ਅਜ਼ਾਦ ਉਮੀਦਵਾਰ ਕੰਚਨ ਬਾਲਾ ਨੇ ਆਮ ਆਦਮੀ ਪਾਰਟੀ ਦੀ ਸਲੋਨੀ ਗਰਗ ਨੂੰ ਵੱਡੇ ਫ਼ਰਕ ਨਾਲ ਹਰਾਇਆ, ਉਂਜ ਕੰਚਨ ਬਾਲਾ ਦਾ ਪਤੀ ਸੋਨੂੰ ਵਰਮਾ ਆਮ ਆਦਮੀ ਪਾਰਟੀ ਦੇ ਸਮਰਥਕ ਰਹੇ ਲੇਕਿਨ ਪਾਰਟੀ ਨੇ ਟਿਕਟ ਸਲੋਨੀ ਗਰਗ ਨੂੰ ਦਿੱਤੀ ਸੀ। ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰਾਂ ਨੇ ਇੰਟਰਨੈੱਟ ਮੀਡੀਆ ਤੇ ਗੱਲਬਾਤ ਕਰਦਿਆਂ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਦੇ ਸਰਬਪੱਖੀ ਵਿਕਾਸ ਦਾ ਦਾਅਵਾ ਕੀਤਾ ਹੈ। ਦੱਸਣਯੋਗ ਹੈ ਕਿ ਸ਼ਹਿਰ ਦੇ ਵਾਰਡ ਨੰਬਰ 20 ਤੋਂ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਘਣਸ਼ਿਆਮ ਕਾਂਸਲ, ਵਾਰਡ ਨੰਬਰ 10 ਤੋਂ ਸੁਖਬੀਰ ਸਿੰਘ ਸੁੱਖੀ ਜਿੰਮ ਅਤੇ ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਅਤੇ ਸਾਬਕਾ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਦੇ ਪਰਿਵਾਰਕ ਮੈਂਬਰਾਂ ਸਮੇਤ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਸਨ। ਜੇਤੂ ਉਮੀਦਵਾਰਾਂ ਨੇ ਸ਼ਹਿਰ ਅੰਦਰ ਜੇਤੂ ਮਾਰਚ ਕੱਢਕੇ ਖੁਸ਼ੀ ਜ਼ਾਹਿਰ ਕੀਤੀ ਹੈ।