ਅਜਨਾਲਾ : ਸਥਾਨਕ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਪੂਰੀ ਤਰ੍ਹਾਂ ਭਖ ਗਈਆਂ ਹਨ। ਇਸੇ ਤਹਿਤ ਵਾਰਡ ਨੰਬਰ 14 ਤੋਂ ਉਮੀਦਵਾਰ ਦਵਿੰਦਰ ਸਿੰਘ ਸੋਨੂ ਵੱਲੋਂ ਆਪਣੀ ਚੋਣ ਪ੍ਰਚਾਰ ਮੁਹਿੰਮ ਦਾ ਰਸਮੀ ਤੌਰ 'ਤੇ ਆਗਾਜ਼ ਬਹੁਤ ਹੀ ਸ਼ਰਧਾਪੂਰਵਕ ਢੰਗ ਨਾਲ ਕੀਤਾ ਗਿਆ। ਚੋਣ ਮੁਹਿੰਮ ਦੀ ਸ਼ੁਰੂਆਤ ਮੌਕੇ ਦਵਿੰਦਰ ਸਿੰਘ ਸੋਨੂ ਆਪਣੇ ਸਮਰਥਕਾਂ ਅਤੇ ਵਾਰਡ ਨਿਵਾਸੀਆਂ ਸਮੇਤ ਗੁਰਦੁਆਰਾ ਗੁਰੂ ਅਰਜਨ ਦੇਵ ਜੀ (ਵਾਰਡ ਨੰਬਰ 14) ਵਿਖੇ ਨਤਮਸਤਕ ਹੋਏ। ਜਿੱਥੇ ਉਨ੍ਹਾਂ ਨੇ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਓਟ ਆਸਰਾ ਲੈਂਦਿਆਂ ਇਲਾਕੇ ਦੀ ਚੜ੍ਹਦੀ ਕਲਾ ਅਤੇ ਚੋਣਾਂ ਵਿੱਚ ਸਫ਼ਲਤਾ ਲਈ ਅਰਦਾਸ ਕੀਤੀ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਵਿੰਦਰ ਸਿੰਘ ਸੋਨੂ ਨੇ ਕਿਹਾ ਕਿ ਉਹ ਰਾਜਨੀਤੀ ਵਿੱਚ ਸਿਰਫ਼ ਸੱਤਾ ਲਈ ਨਹੀਂ, ਬਲਕਿ ਵਾਰਡ ਨੰਬਰ 14 ਦੇ ਨਿਵਾਸੀਆਂ ਦੀ ਸੇਵਾ ਅਤੇ ਇਲਾਕੇ ਦੀ ਨੁਹਾਰ ਬਦਲਣ ਲਈ ਆਏ ਹਨ। ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਅੱਜ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਉਹ ਵਾਰਡ ਦੇ ਹਰ ਨਾਗਰਿਕ ਦੀਆਂ ਉਮੀਦਾਂ 'ਤੇ ਖਰੇ ਉਤਰਨਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਵਾਰਡ ਦੇ ਪਤਵੰਤੇ ਸੱਜਣਾਂ ਅਤੇ ਨੌਜਵਾਨਾਂ ਨੇ ਦਵਿੰਦਰ ਸਿੰਘ ਸੋਨੂ ਦੇ ਹੱਕ ਵਿੱਚ ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਨੂੰ ਪੂਰਨ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ। ਸਮਰਥਕਾਂ ਦਾ ਕਹਿਣਾ ਹੈ ਕਿ ਸੋਨੂ ਇੱਕ ਇਮਾਨਦਾਰ ਅਤੇ ਮਿਹਨਤੀ ਸ਼ਖਸੀਅਤ ਹਨ, ਜੋ ਵਾਰਡ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ। ਚੋਣ ਮੁਹਿੰਮ ਦੇ ਪਹਿਲੇ ਹੀ ਦਿਨ ਮਿਲੇ ਇਸ ਭਰਵੇਂ ਹੁੰਗਾਰੇ ਨਾਲ ਵਿਰੋਧੀ ਖੇਮਿਆਂ ਵਿੱਚ ਵੀ ਹਲਚਲ ਤੇਜ਼ ਹੋ ਗਈ ਹੈ।