ਮੋਗਾ, 17 ਮਈ (ਅਮਜਦ ਖ਼ਾਨ) : ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੀ ਅਗਵਾਈ ਵਾਲੇ 'ਅਕਾਲੀ ਦਲ-ਵਾਰਿਸ ਪੰਜਾਬ ਦੇ' ਨੇ ਮੋਗਾ ਨਗਰ ਨਿਗਮ ਦੀਆਂ ਚੋਣਾਂ ਵਿੱਚ ਆਪਣੀ ਸਮੂਲੀਅਤ ਕਰਦਿਆ ਸ਼ਹਿਰ ਦੇ 6 ਵਾਰਡਾਂ ਵਿੱਚ ਆਪਣੇ ਉਮੀਦਵਾਰ ਉਤਾਰੇ ਹਨ। ਅੱਜ ਇਥੇ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿੱਚ ਉਮੀਦਵਾਰਾਂ ਦੇ ਕਾਗਜ ਦਾਖਲ ਕਰਨ ਸਮੇਂ ਅਕਾਲੀ ਦਲ-ਵਾਰਿਸ ਪੰਜਾਬ ਦੇ ਹਲਕਾ ਮੋਗਾ ਦੇ ਇੰਚਾਰਜ ਭਾਈ ਰਛਪਾਲ ਸਿੰਘ ਸੋਸਣ ਨੇ ਕਿਹਾ ਕਿ ਸਰਕਾਰ ਨੇ ਚੋਣ ਪ੍ਰਕਿਰਿਆ ਦੌਰਾਨ ਨਾਮਜ਼ਦਗੀਆਂ ਦਾਖਲ ਕਰਨ ਲਈ ਜਾਣ-ਬੁੱਝ ਬਹੁਤ ਘੱਟ ਸਮਾਂ ਦਿੱਤਾ ਤਾਂ ਜੋ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕਾਗਜ਼ਾਤ ਦਾਖਲ ਨਾ ਕਰ ਸਕਣ ਅਤੇ ਉਮੀਦਵਾਰਾਂ ਦੀ ਚੋਣ ਕਰਨ ਦਾ ਸਮਾਂ ਨਾ ਮਿਲੇ। ਉਨਾਂ ਕਿਹਾ ਕਿ ਇਸ ਸਭ ਦੇ ਬਾਵਜੂਦ ਅਕਾਲੀ ਦਲ-ਵਾਰਿਸ ਪੰਜਾਬ ਦੇ ਨੇ ਸ਼ਹਿਰ ਦੇ 6 ਵਾਰਡਾਂ ਵਿੱਚ ਆਪਣੇ ਉਮੀਦਵਾਰ ਉਤਾਰੇ ਹਨ, ਜਿਨਾਂ ਵਿੱਚ ਕੁਲਵਿੰਦਰ ਸਿੰਘ ਵਾਰਡ ਨੰਬਰ 1, ਪਰਮਜੀਤ ਕੌਰ ਵਾਰਡ ਨੰਬਰ 6, ਕਿਰਨਜੋਤ ਕੋਰ ਵਾਰਡ ਨੰਬਰ 30, ਗੁਰਮੇਜ ਸਿੰਘ ਵਾਰਡ ਨੰਬਰ 31, ਜੋਰਾ ਸਿੰਘ ਵਾਰਡ ਨੰਬਰ 35 ਅਤੇ ਸੰਦੀਪ ਕੌਰ ਵਾਰਡ ਨੰਬਰ 50 ਤੋਂ ਨਗਰ ਨਿਗਮ ਦੀ ਚੋਣ ਲੜਨਗੇ। ਉਨਾਂ ਕਿਹਾ ਕਿ ਪਾਰਟੀ ਵੱਲੋਂ ਇਹ ਚੋਣਾਂ ਨਸ਼ਿਆਂ ਦੇ ਖਾਤਮੇ ਦੇ ਮੁੱਦੇ ਨੂੰ ਲੈ ਕੇ ਲੜੀ ਜਾ ਰਹੀ ਹੈ ਅਤੇ ਪਾਰਟੀ ਵੱਲੋਂ ਖੜ੍ਹੇ ਕੀਤੇ ਗਏ ਉਮੀਦਵਾਰਾਂ ਦੇ ਹੱਕ ਵਿੱਚ ਪਾਰਟੀ ਦੇ ਸਰਪ੍ਰਸਤ ਬਾਪੂ ਤਰਸੇਮ ਸਿੰਘ, ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ, ਲੱਖਾ ਸਧਾਣਾ ਅਤੇ ਮਰਹੂਮ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਚੋਣ ਪ੍ਰਚਾਰ ਕਰਨਗੇ। ਭਾਈ ਰਛਪਾਲ ਸਿੰਘ ਸੋਸਣ ਨੇ ਕਿਹਾ ਕਿ ਇਸ ਤੋਂ ਇਲਾਵਾ ਵੱਖ-ਵੱਖ ਵਾਰਡਾਂ ਵਿੱਚ ਚੋਣ ਲੜ ਰਹੇ ਆਜ਼ਾਦ ਉਮੀਦਵਾਰ ਉਨਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਪਾਰਟੀ ਵੱਲੋਂ ਸਾਫ਼-ਸੁਥਰੇ ਅਕਸ ਵਾਲੇ ਉਮੀਦਵਾਰਾਂ ਦੀ ਡਟ ਨੇ ਹਮਾਇਤ ਕੀਤੀ ਜਾਵੇਗੀ।