ਪਾਤੜਾਂ : ਨਗਰ ਕੌਂਸਲ ਪਾਤੜਾਂ ਦੀਆਂ ਹੋਣ ਜਾ ਰਹੀਆਂ ਚੋਣਾਂ ਲਈ ਨਾਮਜਦਗੀ ਪੱਤਰ ਦਾਖਲ ਕਰਨ ਦਾ ਕੰਮ ਸੰਪੰਨ ਹੋ ਗਿਆ। ਨਾਮਜਦਗੀ ਪੱਤਰ ਦਾਖਲ ਕਰਨ ਦੇ ਅਖੀਰਲੇ ਦਿਨ ਕੁੱਲ 17 ਵਾਰਡਾਂ ਲਈ 84 ਉਮੀਦਵਾਰ ਚੋਣ ਮੈਦਾਨ ਵਿੱਚ ਸਾਹਮਣੇ ਆ ਗਏ ਹਨ। ਸ਼ਨੀਵਾਰ ਨੂੰ ਨਾਮਜਦਗੀ ਪੱਤਰ ਦਾਖਲ ਕਰਨ ਸਮੇਂ ਕਾਗਜ ਦਾਖਲ ਕਰਨ ਆਏ ਉਮੀਦਵਾਰਾਂ ਵਿੱਚ ਉਸ ਸਮੇਂ ਤਕਰਾਰਬਾਜ਼ੀ ਹੋ ਗਈ ਜਦੋਂ ਐਸਡੀਐਮ ਦਫਤਰ ਪਾਤੜਾਂ ਵਿਖੇ ਵਾਰਡ ਨੰਬਰ ਪੰਜ ਤੋਂ ਕਾਂਗਰਸੀ ਉਮੀਦਵਾਰ ਦੇ ਤੌਰ ਤੇ ਕਾਗਜ ਦਾਖਲ ਕਰਨ ਆਈ ਉਮੀਦਵਾਰ ਸੁਖਵਿੰਦਰ ਕੌਰ ਪਤਨੀ ਜਗਦੇਵ ਸਿੰਘ ਸੰਧੂ ਅਤੇ ਇਸੇ ਵਾਰਡ ਤੋ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰਮਜੀਤ ਕੌਰ ਦੇ ਪਤੀ ਵਿਚਕਾਰ ਤਕਰਾਰਬਾਜ਼ੀ ਹੋ ਗਈ। ਕਾਂਗਰਸੀ ਉਮੀਦਵਾਰ ਸੁਖਵਿੰਦਰ ਕੌਰ ਨੇ ਆਪ ਆਗੂ ਉੱਤੇ ਕਾਗਜ ਖੋਹ ਕੇ ਭੱਜਣ ਦੇ ਦੋਸ਼ ਲਗਾਏ ਹਨ। ਉਮੀਦਵਾਰ ਦੇ ਪਤੀ ਜਗਦੇਵ ਸਿੰਘ ਸੰਧੂ ਨੇ ਦੱਸਿਆ ਕਿ ਉਹਨਾਂ ਨੂੰ ਪਹਿਲਾਂ ਹੀ ਕਾਗਜ਼ ਖੋਹੇ ਜਾਣ ਦਾ ਖਦਸ਼ਾ ਸੀ ਜਿਸ ਨੂੰ ਧਿਆਨ ਵਿੱਚ ਰੱਖਦਿਆਂ ਉਹਨਾਂ ਦੋ ਫਾਈਲਾਂ ਤਿਆਰ ਕੀਤੀਆਂ ਸੀ। ਇੱਕ ਫਾਈਲ ਉਹਨਾਂ ਦੀ ਪਤਨੀ ਕੋਲ ਅਤੇ ਇੱਕ ਉਹਨਾਂ ਦੇ ਹੱਥ ਵਿੱਚ ਸੀ। ਉਹਨਾਂ ਦੱਸਿਆ ਕਿ ਆਪ ਉਮੀਦਵਾਰ ਉਹਨਾਂ ਦੀ ਫਾਈਲ ਖੋਹ ਕੇ ਭੱਜ ਗਿਆ ਜਦੋਂ ਕਿ ਉਹਨਾ ਦੂਜੀ ਫਾਈਲ ਜਮ੍ਾਂ ਕਰਵਾ ਦਿੱਤੀ ਹੈ। ਇਸ ਵਾਪਰੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈ। ਘਟਨਾ ਦਾ ਰੌਲਾ ਪੈਣ ਤੇ ਕਾਂਗਰਸ ਦੇ ਵੱਡੀ ਗਿਣਤੀ ਵਿੱਚ ਵਰਕਰਾਂ ਨੇ ਐਸਡੀਐਮ ਦਫਤਰ ਵਿਖੇ ਪਹੁੰਚ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਕਾਂਗਰਸ ਦੇ ਨੌਜਵਾਨ ਆਗੂ ਸਿਕੰਦਰ ਸਿੰਘ ਦੁਤਾਲ ਦੇ ਹੱਥ ਉੱਤੇ ਸੱਟ ਲੱਗ ਗਈ। ਜਿਸ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਜਾਣਕਾਰੀ ਦਿੰਦਿਆਂ ਐਸਡੀਐਮ ਪਾਤੜਾਂ ਕਮ ਚੋਣ ਅਧਿਕਾਰੀ ਕਾਲਾ ਰਾਮ ਕਾਂਸਲ ਨੇ ਦੱਸਿਆ ਕਿ ਨਾਮਜਦਗੀਆਂ ਦਾ ਕੰਮ ਸ਼ਾਂਤੀਪੂਰਵਕ ਨੇਪਰੇ ਚੜ ਗਿਆ ਹੈ। ਉਹਨਾਂ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਨੂੰ ਨਿਰਵਿਘਨ ਨੇਪਰੇ ਚੜਾਉਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਣਵੱਧ ਹੈ। ਡੀਐਸਪੀ ਗੁਰਦੀਪ ਸਿੰਘ ਸੰਧੂ ਨੇ ਦੱਸਿਆ ਕਿ ਚੋਣਾਂ ਲਈ ਨਾਮਜਦਗੀਆਂ ਦਾ ਕੰਮ ਛੋਟੀਆਂ ਮੋਟੀਆਂ ਘਟਨਾਵਾਂ ਨੂੰ ਛੱਡ ਕੇ ਬਿਲਕੁਲ ਸ਼ਾਂਤੀਪੂਰਵਕ ਰਿਹਾ ਹੈ। ਉਹਨਾਂ ਦਾਅਵਾ ਕੀਤਾ ਕਿ ਚੋਣਾਂ ਸ਼ਾਂਤੀਪੂਰਵਕ ਨੇਪਰੇ ਚੜਾਉਣ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਹੁਲੜਬਾਜੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਵਿਰੋਧੀ ਵਿਰੋਧੀ ਪਾਰਟੀਆਂ ਵੱਲੋਂ ਲੋਕਤੰਤਰ ਦਾ ਕਤਲ ਦੇ ਦੋਸ਼
ਨਗਰ ਕੌਂਸਲ ਪਾਤੜਾਂ ਦੀ ਚੋਣ ਦੇ ਨਾਮਜਦਗੀ ਪੱਤਰਾਂ ਦੇ ਦਾਖਲ ਕਰਨ ਸਮੇਂ ਹੋਈ ਹੁੱਲੜਬਾਜ਼ੀ ਅਤੇ ਪੁਲਿਸ ਲਾਠੀ ਚਾਰਜ ਉੱਤੇ ਤਿੱਖੀ ਪ੍ਰਤਿਕ੍ਰਿਆ ਕਰਦਿਆਂ ਵਿਰੋਧੀ ਪਾਰਟੀਆਂ ਨੇ ਜਿੱਥੇ ਸੱਤਾਧਾਰੀ ਧਿਰ ਉੱਤੇ ਲੋਕਤੰਤਰ ਦਾ ਕਤਲ ਕਰਨ ਦੇ ਦੋਸ਼ ਲਗਾਏ ਹਨ। ਕਾਂਗਰਸ ਦੇ ਹਲਕਾ ਇੰਚਾਰਜ ਦਰਬਾਰਾ ਸਿੰਘ ਬਣਵਾਲਾ, ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਨਰਾਇਣ ਸਿੰਘ ਨਰਸੋਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਾਬੂ ਕਬੀਰ ਦਾਸ ਨੇ ਵੱਖੋ ਵੱਖਰੇ ਤੌਰ ਉੱਤੇ ਪ੍ਰੈਸ ਕਾਨਫਰੰਸਾਂ ਕਰਕੇ ਸਾਗ ਦੋਸ਼ ਲਗਾਏ ਹਨ ਕਿ ਪਾਤੜਾਂ ਪ੍ਰਸ਼ਾਸਨ ਸੱਤਾਧਾਰੀ ਆਮ ਆਦਮੀ ਪਾਰਟੀ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੇ ਇਸ਼ਾਰਿਆਂ ਉੱਤੇ ਕੰਮ ਕਰ ਰਿਹਾ ਹੈ। ਉਹਨਾਂ ਦੋਸ਼ ਲਗਾਇਆ ਕਿ ਨਾਮਜਦਗੀ ਪੱਤਰਾਂ ਤੋਂ ਪਹਿਲਾਂ ਹੀ ਵਿਧਾਇਕ ਦੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਵੀਡੀਓ ਵਿੱਚ ਦਿੱਤੀ ਗਈ ਧਮਕੀ ਸੱਚ ਕਰ ਦਿਖਾਈ ਹੈ।