ਮੋਗਾ : ਮੋਗਾ ਦੇ ਜੁਡੀਸ਼ੀਅਲ ਕੋਰਟਸ ਕੰਪਲੈਕਸ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਨਯੋਗ ਜੱਜ ਜਸਟਿਸ ਜਗਮੋਹਨ ਬਾਂਸਲ ਨੇ ਸੰਵੇਦਨਸ਼ੀਲ ਗਵਾਹ ਬਿਆਨ ਕੇਂਦਰ ਦਾ ਉਦਘਾਟਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਮਾਨਯੋਗ ਜੱਜ ਜਸਟਿਸ ਜਗਮੋਹਨ ਬਾਂਸਲ ਜੀ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਸ਼੍ਰੀਮਤੀ ਨੀਲਮ ਅਰੋੜਾ, ਡਿਪਟੀ ਕਮਿਸ਼ਨਰ ਸ਼੍ਰੀ ਸਾਗਰ ਸੇਤੀਆ, ਸੀਨੀਅਰ ਸੁਪਰਡੈਂਟ ਆਫ ਪੁਲਿਸ ਸ਼੍ਰੀ ਸਰਤਾਜ ਸਿੰਘ ਚਾਹਲ, ਮੋਗਾ ਦੇ ਸਾਰੇ ਜੁਡੀਸ਼ੀਅਲ ਅਫਸਰਾਨ ਅਤੇ ਬਾਰ ਐਸੋਸੀਏਸ਼ਨ, ਮੋਗਾ ਦੇ ਪ੍ਰਧਾਨ ਸ਼੍ਰੀ ਸੁਖਵਿੰਦਰ ਸਿੰਘ ਸਿੱਧੂ ਅਤੇ ਬਾਰ ਐਸੋਸੀਏਸ਼ਨ, ਨਿਹਾਲ ਸਿੰਘ ਵਾਲਾ ਦੇ ਪ੍ਰਧਾਨ ਸ਼੍ਰੀ ਸੰਦੀਪ ਅਰੋੜਾ, ਸੀਨੀਅਰ ਵਕੀਲ ਸਾਹਿਬਾਨਾਂ ਅਤੇ ਬਾਰ ਦੇ ਮੈਂਬਰ ਸਾਹਿਬਾਨਾਂ ਨੇ ਮੋਗਾ ਪਹੁੰਚਣ ਤੇ ਜੀ ਆਇਆਂ ਕਿਹਾ ਅਤੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਇਸ ਉਪਰੰਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮਾਨਯੋਗ ਜੱਜ ਜਸਟਿਸ ਜਗਮੋਹਨ ਬਾਂਸਲ ਜੀ ਨੇ ਸੰਵੇਦਨਸ਼ੀਲ ਗਵਾਹ ਬਿਆਨ ਕੇਂਦਰ (Vulnerable Witness Deposition Centre) ਦਾ ਉਦਘਾਟਨ ਕੀਤਾ। ਇਸ ਮੌਕੇ ਹਾਈਕੋਰਟ ਦੇ ਮਾਨਯੋਗ ਜੱਜ ਜਸਟਿਸ ਜਗਮੋਹਨ ਬਾਂਸਲ ਨੇ ਕਿਹਾ ਕਿ ਜ਼ਿਲ੍ਹਾ ਕਚਹਿਰੀਆਂ, ਮੋਗਾ ਅੰਦਰ ਜੋ ਅੱਜ ਸੰਵੇਦਨਸ਼ੀਲ ਗਵਾਹ ਬਿਆਨ ਕੇਂਦਰ (Vulnerable Witness Deposition Centre) ਦਾ ਉਦਘਾਟਨ ਕੀਤਾ ਗਿਆ ਹੈ, ਇਸ ਨਾਲ ਸੰਵੇਦਨਸ਼ੀਲ ਗਵਾਹਾਂ ਨੂੰ ਬਹੁਤ ਫਾਇਦਾ ਹੋਵੇਗਾ ਅਤੇ ਇਸ ਸੈਂਟਰ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਸੰਵੇਦਨਸ਼ੀਲ ਗਵਾਹਾਂ ਨੂੰ ਅਪਰਾਧਿਕ ਕਾਰਵਾਈਆਂ ਵਿੱਚ ਗਵਾਹੀ ਦੇਣ ਲਈ ਇੱਕ ਸੁਰੱਖਿਅਤ, ਸੂਖਮ ਅਤੇ ਰੁਕਾਵਟ-ਮੁਕਤ ਵਾਤਾਵਰਨ ਪ੍ਰਦਾਨ ਕਰਦੇ ਹਨ।